
ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਹਾਈ ਕੋਰਟ ਵਿਚ ਅਸਿੱਧੇ ਤੌਰ......
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਬੇਅਦਬੀ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਦੀ ਹਾਈ ਕੋਰਟ ਵਿਚ ਅਸਿੱਧੇ ਤੌਰ 'ਤੇ ਮਦਦ ਕਰ ਕੇ ਇਨਸਾਫ਼ ਦੇਣ ਤੋਂ ਭੱਜ ਰਹੀ ਹੈ। ਖਹਿਰਾ ਨੇ ਇਲਜ਼ਾਮ ਲਾਇਆ ਕਿ ਦੋਸ਼ੀ ਪੁਲਿਸ ਅਫ਼ਸਰਾਂ ਅਤੇ ਬਾਦਲ ਪਰਵਾਰ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨਾਂ ਪਾਉਣ ਲਈ ਦੋਸ਼ੀਆਂ ਦੀ ਅਸਿੱਧੇ ਤੌਰ 'ਤੇ ਮਦਦ ਕੀਤੀ ਹੈ ਤਾਂ ਤਾਕਿ ਗੰਭੀਰ ਮੁੱਦੇ ਨੂੰ ਕਾਨੂੰਨੀ ਜਾਲ ਵਿਚ ਉਲਝਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੁਲਿਸ ਅਫ਼ਸਰ ਸ਼ਮਸ਼ੇਰ ਸਿੰਘ ਦੀ ਤਾਜ਼ਾ ਪਟੀਸ਼ਨ ਇਨਸਾਫ਼ ਤੋਂ ਇਨਕਾਰੀ ਹੋਣ ਦੀ ਮਿਸਾਲ ਹੈ ਕਿਉਂਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਵਾਅਦਾ ਕੀਤਾ ਹੈ ਕਿ ਉਕਤ ਬੈਂਚ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਵੀ ਅਦਾਲਤ ਵਿਚ ਐਸ.ਆਈ.ਟੀ ਦੀ ਰੀਪੋਰਟ ਦਾਖ਼ਲ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ, 'ਇਹ ਮਾਮਲੇ ਨੂੰ ਦਬਾਉਣ ਬਰਾਬਰ ਹੋਵੇਗਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦ ਮਾਮਲਾ ਨਿਆਂਪਾਲਿਕਾ ਕੋਲ ਪਹੁੰਚ ਜਾਂਦਾ ਹੈ ਤਾਂ ਇਨਸਾਫ਼ ਮਿਲਣ ਵਿਚ ਅਨੇਕਾਂ ਸਾਲ ਲੱਗ ਜਾਂਦੇ ਹਨ।' ਉਨ੍ਹਾਂ ਵਿਧਾਨ ਸਭਾ ਦਾ ਵਿਸ਼ੇਸ਼ ਐਮਰਜੈਂਸੀ ਸੈਸ਼ਨ ਬੁਲਾ ਕੇ ਬਾਦਲਾਂ ਅਤੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਵਲੋਂ ਘੜੀ ਗਈ ਸਾਜ਼ਸ਼ 'ਤੇ ਚਰਚਾ ਦੀ ਮੰਗ ਕੀਤੀ।