
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਐਡਵੋਕੇਟ ਐਚਐਸ ਫੂਲਕਾ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫ਼ਾ...
ਲੁਧਿਆਣਾ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਐਡਵੋਕੇਟ ਐਚਐਸ ਫੂਲਕਾ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਫੂਲਕਾ ਦਾ ਅਸਤੀਫ਼ਾ ‘ਆਪ’ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਫੂਲਕਾ ਨੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦਿਤਾ ਸੀ। ਉਨ੍ਹਾਂ ਨੇ ਅਪਣੇ ਅਗਲੇ ਕਦਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ।
ਅਕਤੂਬਰ ਵਿਚ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਵਿਚ ਮੁਲਾਕਾਤ ਤੋਂ ਬਾਅਦ ਫੂਲਕਾ ਨੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਵਿਚ ਕਾਰਵਾਈ ਨਾ ਹੋਣ ਦੇ ਚਲਦੇ ਉਹ ਸੂਬਾ ਸਰਕਾਰ ਤੋਂ ਨਰਾਜ਼ ਹਨ। ਸਰਕਾਰ ਨੂੰ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਨ ਲਈ ਪੂਰਾ ਸਮਾਂ ਦਿਤਾ ਪਰ ਉਸ ਨੇ ਕੁਝ ਨਹੀਂ ਕੀਤਾ।
ਫੂਲਕਾ ਦਾ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਇਸ ਵਿਚ ਵਿਧਾਨ ਸਭਾ ਦੇ ਨਿਯਮ ਆੜੇ ਆ ਰਹੇ ਹਨ। ਨਿਯਮਾਂ ਦੇ ਮੁਤਾਬਕ, ਅਸਤੀਫ਼ੇ ਦੀ ਭਾਸ਼ਾ ਬਿਲਕੁੱਲ ਸਰਲ ਸ਼ਬਦਾਂ ਵਿਚ ਹੋਣੀ ਚਾਹੀਦੀ ਹੈ। ਕਾਰਨਾਂ ਦਾ ਚਰਚਾ ਨਾ ਕਰਦੇ ਹੋਏ ਅਸਤੀਫ਼ੇ ਵਿਚ ਕੇਵਲ ਵਿਧਾਇਕ ਵਲੋਂ ਇਹੀ ਲਿਖਿਆ ਜਾਣਾ ਚਾਹੀਦਾ ਹੈ ਕਿ ਉਹ ਅਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ ਪਰ ਫੂਲਕਾ ਵਲੋਂ ਭੇਜੇ ਗਏ ਅਸਤੀਫ਼ੇ ਦੀ ਭਾਸ਼ਾ ਨਿਯਮ 51 ਦੇ ਤਹਿਤ ਉਚਿਤ ਨਹੀਂ ਹੈ।
ਫੂਲਕਾ ਨੇ ਅਪਣੇ ਅਸਤੀਫ਼ੇ ਵਿਚ ਡੇਢ ਪੰਨੇ ਦਾ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਇਕ ਵੱਡੀ ਗੱਲ ਖ਼ੁਦ ਪੇਸ਼ ਹੋ ਕੇ ਅਸਤੀਫ਼ਾ ਦੇਣਾ ਹੁੰਦਾ ਹੈ ਪਰ ਫੂਲਕਾ ਨੇ ਵਿਧਾਨ ਸਭਾ ਪ੍ਰਧਾਨ ਨੂੰ ਅਸਤੀਫ਼ਾ ਈਮੇਲ ਰਾਹੀਂ ਭੇਜਿਆ ਸੀ। 12 ਅਕਤੂਬਰ 2015 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਦੇ ਚਲਦੇ ਸਿੱਖ ਸੰਗਠਨ ਅਤੇ ਸੰਗਤ ਕੋਟਕਪੂਰਾ ਅਤੇ ਬਰਗਾੜੀ ਦੇ ਨਾਲ ਲੱਗਦੇ ਪਿੰਡ ਬਹਿਬਲ ਕਲਾਂ ਵਿਚ ਜਮ ਕੇ ਬੈਠੇ ਸੀ। ਇਸ ਧਰਨੇ ਦੇ ਦੌਰਾਨ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਦੋ ਪਿੰਡ ਵਾਸੀਆਂ ਦੀ ਮੌਤ ਹੋ ਗਈ ਸੀ।