
ਜਾਣਕਾਰੀ ਮੁਤਾਬਕ 40 ਸਾਲਾ ਰਮਨਦੀਪ ਸਿੰਘ ਮੁਹਾਲੀ ਦੇ ਫੇਜ਼ 3ਬੀ1 ਦਾ ਰਹਿਣ ਵਾਲਾ ਹੈ।
ਮੋਰਿੰਡਾ: ਭਾਖੜਾ ਨਹਿਰ ਵਿਚ ਡੁੱਬੇ ਪਾਲਤੂ ਕੁੱਤੇ ਨੂੰ ਬਚਾਉਣ ਲਈ ਇਕ ਮਰਚੈਂਟ ਨੇਵੀ ਅਫ਼ਸਰ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਹਾਲਾਂਕਿ ਉਸ ਨੇ ਕੁੱਤੇ ਨੂੰ ਤਾਂ ਬਚਾ ਲਿਆ ਪਰ ਖੁਦ ਡੁੱਬ ਗਿਆ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਵਿਅਕਤੀ ਦੀ ਭਾਲ ਜਾਰੀ ਹੈ। ਜਾਣਕਾਰੀ ਮੁਤਾਬਕ 40 ਸਾਲਾ ਰਮਨਦੀਪ ਸਿੰਘ ਮੁਹਾਲੀ ਦੇ ਫੇਜ਼ 3ਬੀ1 ਦਾ ਰਹਿਣ ਵਾਲਾ ਹੈ।
ਇਹ ਘਟਨਾ ਸੋਮਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਰਮਨਦੀਪ ਆਪਣੀ ਪਤਨੀ, ਬੱਚਿਆਂ ਅਤੇ ਕੁੱਤੇ ਨਾਲ ਪਿਕਨਿਕ ਮਨਾਉਣ ਗਿਆ ਸੀ। ਲਾਪਤਾ ਮਰਚੈਂਟ ਨੇਵੀ ਅਫ਼ਸਰ ਦੇ ਭਰਾ ਜੈਵੀਰ ਸਿੰਘ (ਭਾਰਤੀ ਜਲ ਸੈਨਾ ਵਿਚ ਕੈਪਟਨ) ਨੇ ਦੱਸਿਆ ਕਿ ਉਹਨਾਂ ਦਾ ਭਰਾ ਆਪਣੇ ਪਰਿਵਾਰ ਅਤੇ ਇਕ ਕੁੱਤੇ ਨਾਲ ਪਿਕਨਿਕ ਲਈ ਗਿਆ ਸੀ।
ਸ਼ਾਮ ਕਰੀਬ ਪੰਜ ਵਜੇ ਜਦੋਂ ਉਹ ਨਹਿਰ ਕੰਢੇ ਘੁੰਮ ਰਹੇ ਸਨ ਤਾਂ ਪਾਲਤੂ ਕੁੱਤਾ ਨਹਿਰ ਵਿਚ ਡਿੱਗ ਗਿਆ। ਰਮਨਦੀਪ ਨੇ ਉਸੇ ਵੇਲੇ ਕੁੱਤੇ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਪੁਲਿਸ ਨੇ ਲਾਪਤਾ ਮਰਚੈਂਟ ਨੇਵੀ ਅਫ਼ਸਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੂਰੀ ਰਾਤ ਕੁਝ ਪਤਾ ਨਾ ਲੱਗਣ ’ਤੇ ਐੱਨਡੀਆਰਐਫ ਨੂੰ ਤਾਇਨਾਤ ਕੀਤਾ ਗਿਆ ਹੈ।