
ਮਹਿੰਗੀ ਬਿਜਲੀ ਤੇ ਮੁਲਾਜ਼ਮਾਂ ਦੇ ਮੁੱਦਿਆਂ 'ਤੇ ਅਕਾਲੀਆਂ ਅਤੇ 'ਆਪ' ਨੇ ਕੀਤਾ ਸਦਨ ਵਿਚੋਂ ਵਾਕ ਆਊਟ
ਮਹਿੰਗੀ ਬਿਜਲੀ ਤੇ ਮੁਲਾਜ਼ਮਾਂ ਦੇ ਮੁੱਦਿਆਂ 'ਤੇ ਅਕਾਲੀਆਂ ਅਤੇ 'ਆਪ' ਨੇ ਕੀਤਾ ਸਦਨ ਵਿਚੋਂ ਵਾਕ ਆਊਟ
ਇਨ੍ਹਾਂ ਮੁੱਦਿਆਂ 'ਤੇ ਬਹਿਸ ਦੀ ਆਗਿਆ ਨਾ ਮਿਲਣ 'ਤੇ ਕੀਤਾ ਹੰਗਾਮਾ ਤੇ ਨਾਹਰੇਬਾਜ਼ੀ
ਚੰਡੀਗੜ੍ਹ, 3 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਤੀਜੇ ਦਿਨ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸਦਨ ਵਿਚ ਹੰਗਾਮਾ ਤੇ ਨਾਹਰੇਬਾਜ਼ੀ ਕੀਤੀ | ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੁਲਾਜ਼ਮਾਂ ਦੇ ਮਾਮਲਿਆਂ ਬਾਰੇ ਸਿਫ਼ਰ ਕਾਲ ਵਿਚ ਬੋਲਣ ਦਾ ਸਮਾਂ ਨਾ ਮਿਲਣ 'ਤੇ ਵਾਕਆਊਟ ਕੀਤਾ ਜਦਕਿ 'ਆਪ' ਦੇ ਮੈਂਬਰਾਂ ਨੇ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਸਦਨ ਵਿਚ ਸ਼ੋਰ ਸ਼ਰਾਬੇ ਤੇ ਸਪੀਕਰ ਦੇ ਆਸਨ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਬਾਅਦ ਵਾਕਆਊਟ ਕੀਤਾ |
ਸਿਫ਼ਰ ਕਾਲ ਦੌਰਾਨ ਅੱਜ ਅਕਾਲੀ ਮੈਂਬਰਾਂ ਨੇ ਪੰਜਾਬ ਦੀ ਜੇਲ ਵਿਚ ਬੰਦ ਯੂ.ਪੀ ਦੇ ਗੈਂਗਸਟਰ ਅੰਸਾਰੀ ਦਾ ਮੁੱਦਾ ਵੀ ਉਠਾਇਆ | ਪੋਸਟ ਮੈਟਿ੍ਕ ਵਜ਼ੀਫ਼ਾ ਸਕੀਮ ਦੇ ਘਪਲੇ ਤੇ ਡਿਗਰੀਆਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੀ ਮਾੜੀ ਵਿੱਤੀ ਹਾਲਤ ਦੇ ਮਾਮਲੇ ਵੀ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਉਠਾਏ | ਸਿਫ਼ਰ ਕਾਲ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਰ.ਟੀ.ਆਈ. ਰਾਹੀਂ ਜਾਣਕਾਰੀ ਮਿਲੀ ਹੈ ਕਿ ਸੂਬਾ ਸਰਕਾਰ ਵਲੋਂ ਕੇਂਦਰ ਦੀ ਰਾਸ਼ੀ ਦੀ ਵਰਤੋਂ ਸਬੰਧੀ ਸਰਟੀਫ਼ੀਕੇਟ ਨਾ ਭੇਜੇ ਜਾਣ ਕਾਰਨ ਵਜ਼ੀਫ਼ਾ ਰਾਸ਼ੀ ਦੀ ਪੁਰਾਣੀ ਰਾਸ਼ੀ ਮਿਲਣ ਵਿਚ ਦੇਰੀ ਹੋ ਰਹੀ ਹੈ | ਕੇਂਦਰ ਵਲੋਂ ਇਹ ਵੀ ਸਪੱਸ਼ਟ ਕੀਤਾ
ਗਿਆ ਹੈ ਕਿ ਪੋਸਟ ਮੈਟਿ੍ਕ ਵਜ਼ੀਫ਼ਾ ਸਕੀਮ ਬੰਦ ਨਹੀਂ ਕੀਤੀ ਗਈ | ਇਸੇ ਦੌਰਾਨ 'ਆਪ' ਮੈਂਬਰਾਂ ਨੇ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਤੇ ਮੀਤ ਹੇਅਰ ਦੀ ਅਗਵਾਈ ਵਿਚ ਮਹਿੰਗੀ ਬਿਜਲੀ ਦੇ ਵਿਰੋਧ ਵਿਚ ਅਤੇ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਬਾਰੇ ਤਖ਼ਤੀਆਂ ਲਹਿਰਾਉਂਦੇ ਹੋਏ ਸਦਨ ਵਿਚ ਨਾਹਰੇਬਾਜ਼ੀ
ਕੀਤੀ ਪਰ ਸਪੀਕਰ ਵਲੋਂ ਬੋਲਣ ਦੀ ਆਗਿਆ ਨਾ ਮਿਲਣ ਤੇ 'ਆਪ' ਮੈਂਬਰ ਵਾਕਆਊਟ ਕਰ ਗਏ |
ਵਿਰੋਧੀ ਧਿਰ ਦੇ ਨੇਤਾ ਨੇ ਰੋਪੜ ਜ਼ਿਲ੍ਹੇ ਵਿਚ ਲੱਕੜ ਦੀ ਵਿਕਰੀ ਸਬੰਧੀ ਟੈਂਡਰਾਂ ਵਿਚ ਗੜਬੜੀ ਕਰ ਕੇ ਘੱਟ ਰੇਟ ਲੈਣ ਦਾ ਮਾਮਲਾ ਵੀ ਚੁਕਿਆ | ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਮੁਲਾਜ਼ਮਾਂ ਦੇ ਪੇ ਕਮਿਸ਼ਨ ਡੀ.ਏ., ਬਕਾਇਆ ਅਦਾਇਗੀਆਂ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮਾਮਲਿਆਂ ਵਿਚ ਚਰਚਾ ਲਈ ਸਮਾਂ ਮੰਗਿਆ ਪਰ ਸਪੀਕਰ ਵਲੋਂ ਆਗਿਆ ਨਾ ਮਿਲਣ 'ਤੇ ਅਕਾਲੀ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ, ਪਵਨ ਕੁਮਾਰ ਟੀਨੂੰ, ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਨਾਹਰੇ ਮਾਰਦੇ ਵਾਕਆਊਟ ਕਰ ਗਏ | ਅਕਾਲੀ ਦਲ ਦੇ ਮੈਂਬਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਜੇਲ ਵਿਚ ਬੰਦ ਯੂ.ਪੀ. ਦੇ ਗੈਂਗਸਟਰ ਅੰਸਾਰੀ ਨੂੰ ਯੂ.ਪੀ. ਪੁਲਿਸ ਨਾ ਸੌਂਪੇ ਜਾਣ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਇਸ ਨੂੰ ਪੰਜਾਬ ਵਿਚ ਹੀ ਰੱਖਣ ਲਈ ਸਰਕਾਰ ਨੇ ਕਾਨੂੰਨੀ ਕੇਸ ਲੜਨ ਲਈ ਮਹਿੰਗਾ ਵਕੀਲ ਕੀਤਾ ਹੈ | 'ਆਪ' ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਰਥਕ ਪੱਖੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਸਰਕਾਰੀ ਨੌਕਰੀਆਂ ਵਿਚ ਉਮਰ ਦੀ ਹੱਦ ਵਧਾਉਣ ਦਾ ਮੁੱਦਾ ਚੁਕਿਆ | ਅਕਾਲੀ ਦਲ ਦੇ ਗੁਰਪ੍ਰੀਤ ਸਿੰਘ ਵਡਾਲਾ ਨੇ ਸਮਾਰਟ ਰਾਸ਼ਨ ਕਾਰਡ ਬਣਾਉਣ ਵਿਚ ਪੱਖਪਾਤ ਹੋਣ ਅਤੇ 'ਆਪ' ਦੇ ਮਨਜੀਤ ਸਿੰਘ ਬਿਲਾਸਪੁਰ ਨੇ ਸੰਗਰੂਰ ਵਿਚ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਮੁੱਦਾ ਉਠਾਉਂਦਿਆਂ ਮਸਲੇ ਦੇ ਗੱਲਬਾਤ ਰਾਹੀਂ ਹੱਲ ਦੀ ਮੰਗ ਕੀਤੀ |
ਡੱਬੀ
ਮਜੀਠੀਆ ਤੇ ਗਿੱਲ ਮੁੜ ਆਪਸ ਵਿਚ ਉਲਝੇ
ਬਿਕਰਮ ਸਿੰਘ ਮimageਜੀਠੀਆ ਤੇ ਕਾਂਗਰਸ ਦੇ ਹਰਮੰਦਰ ਸਿੰਘ ਗਿੱਲ ਅੱਜ ਸਦਨ ਵਿਚ ਮੁੜ ਆਪਸ ਵਿਚ ਉਲਝ ਪਏ | ਗਿੱਲ ਨੇ ਅਪਣੇ ਆਪ ਨੂੰ ਪੰਥ ਲਈ ਜੇਲਾਂ ਕੱਟਣ ਵਾਲਾ ਦਸਦਿਆਂ ਬੀਤੇ ਦਿਨੀਂ ਵਰਤੇ ਇਤਰਾਜ਼ਯੋਗ ਸ਼ਬਦ ਵਾਪਸ ਲੈਣ ਦੀ ਮੰਗ ਕੀਤੀ ਪਰ ਮਜੀਠੀਆ ਨੇ ਉਲਟਾ ਅਤਿਵਾਦ ਸਮੇਂ ਦੀ ਇਕ ਘਟਨਾ ਦਾ ਹਵਾਲਾ ਦਿੰਦਿਆਂ ਗਿੱਲ 'ਤੇ ਹੋਰ ਵੀ ਗੰਭੀਰ ਦੋਸ਼ ਲਾ ਦਿਤੇ ਪਰ ਸਪੀਕਰ ਵਲੋਂ ਦੋਵੇਂ ਪਾਸਿਉਂ ਵਰਤੇ ਇਤਰਾਜ਼ਯੋਗ ਸ਼ਬਦ ਕਾਰਵਾਈ ਵਿਚੋਂ ਕਢਵਾ ਦਿਤੇ ਗਏ ਹਨ | ਮਜੀਠੀਆ ਤੇ ਗਿੱਲ ਦੀ ਕਾਫ਼ੀ ਸਮਾਂ ਆਪਸ ਵਿਚ ਤਿੱਖੀ ਤਕਰਾਰ ਹੁੰਦੀ ਰਹੀ ਤੇ ਆਖ਼ਰ ਸਪੀਕਰ ਨੇ ਦਖ਼ਲ ਦੇ ਕੇ ਉਨ੍ਹਾਂ ਨੂੰ ਨਿਜੀ ਇਲਜ਼ਾਮਬਾਜ਼ੀ ਤੋਂ ਵਰਜ ਕੇ ਮਾਮਲਾ ਸ਼ਾਂਤ ਕੀਤਾ |