
ਅਫ਼ੀਮ ਦੇ 450 ਪੌਦੇ ਤੇ 880 ਡੋਡੇ ਬਰਾਮਦ; ਡੋਡੇ ਬੀਜਣ ਵਾਲਾ ਵਿਅਕਤੀ ਵੀ ਗ੍ਰਿਫ਼ਤਾਰ
Punjab News: ਸਥਾਨਕ ਪੁਲਿਸ ਨੇ ਡੇਰਾਬੱਸੀ ’ਚ ਅਫ਼ੀਮ ਦੀ ਨਾਜਾਇਜ਼ ਖੇਤੀ ਨੂੰ ਕਾਬੂ ਕੀਤਾ ਹੈ। ਡੇਰਾਬੱਸੀ ਦੇ ਏਐਸਪੀ ਵੈਭਵ ਚੌਧਰੀ ਦੀ ਅਗਵਾਈ ਹੇਠ ਪੁਲਿਸ ਨੇ ਇੰਡਸ ਵੈਲੀ ਗਰਾਊਂਡ ਦੇ ਪਿਛੇ ਸਥਿਤ ਖੇਤਾਂ ਵਿਚ ਛਾਪਾ ਮਾਰ ਕੇ ਅਫ਼ੀਮ ਦੇ 450 ਪੌਦੇ, 880 ਡੋਡਿਆਂ ਤੋਂ ਇਲਾਵਾ ਲਾਲ ਫੁੱਲ ਬਰਾਮਦ ਕੀਤੇ।
ਬਰ ਲਿਖੇ ਜਾਣ ਤਕ ਡੇਰਾਬੱਸੀ ਪੁਲਿਸ ਅਫ਼ੀਮ ਦੇ ਬੂਟਿਆਂ ਸਮੇਤ ਲਾਲ ਫੁੱਲਾਂ ਅਤੇ ਡੋਡਿਆਂ ਦੀ ਗਿਣਤੀ ਕਰਨ ਵਿਚ ਲੱਗੀ ਹੋਈ ਸੀ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਡੇਰਾਬੱਸੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁਧ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਐਸਪੀ ਵੈਭਵ ਚੌਧਰੀ ਨੇ ਦਸਿਆ ਕਿ ਅਫ਼ੀਮ ਦੇ ਬੂਟਿਆਂ ਦੀ ਖੇਤੀ ਪਰਮਿਟ ਜਾਂ ਲਾਇਸੈਂਸ ਨਾਲ ਹੀ ਕੀਤੀ ਜਾ ਸਕਦੀ ਹੈ ਪਰ ਇਥੇ ਹਰਵਿੰਦਰ ਸਿੰਘ ਨੇ ਕਿਸੇ ਕਿਸਮ ਦਾ ਲਾਇਸੈਂਸ ਜਾਂ ਪਰਮਿਟ ਨਹੀਂ ਲਿਆ ਸੀ। ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ’ਤੇ ਡੇਰਾਬੱਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਅਤੇ ਏਐਸਆਈ ਹਰੀਸ਼ ਸ਼ਰਮਾ ਸਮੇਤ ਦਰਜਨ ਭਰ ਪੁਲਿਸ ਮੁਲਾਜ਼ਮਾਂ ਨਾਲ ਦੁਪਹਿਰ ਸਮੇਂ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ। ਹਰਵਿੰਦਰ ਸਿੰਘ ਦੇ ਖੇਤਾਂ ਨਾਲ ਬਣੇ ਵੱਡੇ ਘਰ ਦੇ ਪਿੱਛੇ ਅਫ਼ੀਮ ਦੇ ਪੌਦੇ ਤਿਆਰ ਹਾਲਤ ਵਿਚ ਮਿਲੇ।
ਇਹ ਪੌਦੇ ਕਰੀਬ 3 ਮਹੀਨੇ ਪੁਰਾਣੇ ਸਨ ਅਤੇ ਇਨ੍ਹਾਂ ’ਤੇ ਫੁੱਲਾਂ ਤੋਂ ਇਲਾਵਾ ਡੋਡੇ ਵੀ ਮੌਜੂਦ ਸਨ। ਭੁੱਕੀ ਦੀ ਫ਼ਸਲ ਪੱਕਣ ’ਚ ਸਿਰਫ਼ ਦੋ ਹਫ਼ਤੇ ਹੀ ਬਚੇ ਸਨ। ਪੁਲਿਸ ਨੇ ਇਨ੍ਹਾਂ ਪੌਦਿਆਂ ਨੂੰ ਜੜ੍ਹੋਂ ਪੁੱਟ ਦਿਤਾ ਅਤੇ ਫੁੱਲਾਂ ਸਮੇਤ ਬੂਟਿਆਂ ਦੀ ਗਿਣਤੀ ਕੀਤੀ। ਦਸਿਆ ਜਾ ਰਿਹਾ ਹੈ ਕਿ ਖੇਤ ਮਾਲਕ ਹਰਵਿੰਦਰ ਸਿੰਘ ਨੇ ਅਫ਼ੀਮ ਦੀ ਖੇਤੀ ਦਾ ਕੰਮ ਕੀਤਾ ਸੀ ਅਤੇ ਉਹ ਅਪਣੀ ਵਰਤੋਂ ਲਈ ਇਹ ਅਫ਼ੀਮ ਤਿਆਰ ਕਰ ਰਿਹਾ ਸੀ। ਏਐਸਪੀ ਵੈਭਵ ਚੌਧਰੀ ਦੇ ਦੱਸਣ ਅਨੁਸਾਰ ਉਕਤ ਵਿਅਕਤੀਆਂ ਵਿਰੁਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਵੀਰਵਾਰ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਵੀ ਲਿਆ ਜਾਵੇਗਾ।
(For more Punjabi news apart from Opium cultivation in Derabassi, stay tuned to Rozana Spokesman)