
ਅੱਜ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਲੰਬੀ ਮਾਈਨਰ 'ਚ ਪੈਂਦੇ ਕਰੀਬ 15 ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਨੂੰ ਰਾਜਸਥਾਨ ਦੇ ਨਾਲ ਜੋੜਨ ਵਾਲੀ ਰਾਸ਼ਟਰੀ ਰਾਜ ਮਾਰਗ..........
ਅਬੋਹਰ : ਅੱਜ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਲੰਬੀ ਮਾਈਨਰ 'ਚ ਪੈਂਦੇ ਕਰੀਬ 15 ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਨੂੰ ਰਾਜਸਥਾਨ ਦੇ ਨਾਲ ਜੋੜਨ ਵਾਲੀ ਰਾਸ਼ਟਰੀ ਰਾਜ ਮਾਰਗ ਹਨੂੰਮਾਨ ਗੜ੍ਹ ਰੋਡ 'ਤੇ ਪੈਂਦੇ ਪਿੰਡ ਰਾਜਪੁਰਾ ਕੋਲ ਉਸ ਸਮੇਂ ਚੱਕਾ ਜਾਮ ਕਰ ਦਿਤਾ ਜਦ ਉਨ੍ਹਾਂ ਵਲੋਂ ਬੀਤੇ ਦਿਨੀ ਪ੍ਰਸ਼ਾਸਨ ਨੇ 1 ਅਗੱਸਤ ਤੱਕ ਦਿਤੇ ਸਮੇਂ ਦੌਰਾਨ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਜਦ ਕਿ ਟੇਲਾਂ ਤੇ ਬੈਠੇ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਨਹਿਰੀ ਪਾਣੀ ਉਪਲੱਬਧ ਨਹੀਂ ਹੋ ਰਿਹਾ ਜਿਸ ਕਾਰਨ ਕਿਸਾਨ ਲਗਾਤਾਰ ਖੱਜਲ ਹੋ ਰਹੇ ਹਨ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਪੱਟੀ ਸਦੀਕ, ਅਜੈਬ ਸਿੰਘ,
ਸੁਖਮੰਦਰ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ, ਬੁੱਧਰਾਮ, ਕ੍ਰਿਸ਼ਨ ਸਿੰਘ ਆ ਨੇ ਦਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਲਾਇਕੀ ਦੇ ਕਾਰਨ ਅਬੋਹਰ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਵੱਲ ਕੋਈ ਧਿਆਨ ਨਹੀ ਦਿਤਾ ਜਾ ਰਿਹਾ। ਜਿਸ ਕਰਕੇ ਉਨ੍ਹਾਂ ਨੁੰ ਮਜਬੂਰਨ ਉਕਤ ਕਦਮ ਚੁਕਣਾ ਪਿਆ। ਅੱਜ ਇਸ ਇਲਾਕੇ ਦੇ ਕਰੀਬ 400-500 ਦੇ ਕਰੀਬ ਕਿਸਾਨਾਂ ਨੂੰ ਮਜਬੂਰ ਹੋ ਕੇ ਸੜਕ ਜਾਮ ਕਰਨੀ ਪਈ। ਜਿਸ ਵਿਚ ਰਾਜਪੁਰਾ, ਪੱਟੀ ਸਦੀਕ, ਝੁਰੜ ਖੇੜਾ, ਸ਼ੇਰਗੜ੍ਹ, ਵਰਿਆਮ ਖੇੜਾ, ਸ਼ੇਰੇਵਾਲਾ, ਸੁਖਚੈਨ, ਬਜੀਦਪੁਰ ਭੌਮਾ, ਬਿਸ਼ਨਪੁਰਾ, ਦੋਦਾ, ਬਹਾਵਵਾਲਾ ਆਦਿ ਤੋਂ ਇਲਾਵਾ ਹੋਰ ਆਸ-ਪਾਸ ਦੇ ਕਈ ਪਿੰਡਾ ਦੇ ਕਿਸਾਨ ਹਾਜ਼ਰ ਸਨ।
ਦੂਜੇ ਪਾਸੇ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਦੀ ਸੂਚਨਾ ਮਿਲਦੇ ਹੀ ਅਬੋਹਰ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਪੁਲਿਸ ਪ੍ਰਸ਼ਾਸਨ ਅਨਹਿਰੀ ਵਿਭਾਗ ਦੇ ਅਮਲੇ ਨਾਲ ਮੌਕੇ 'ਤੇ ਪੁੱਜੇ ਪਰ ਕਿਸਾਨਾਂ ਦੀ ਮੰਗ ਪੂਰੀ ਨਾ ਹੋਣ ਕਾਰਨ ਪ੍ਰਸ਼ਾਸਨਿਕ ਅਮਲੇ ਨੂੰ ਖਾਲੀ ਹੱਥ ਵਾਪਸ ਮੁੜ੍ਹਣਾ ਪਿਆ। ਦੇਰ ਸ਼ਾਮ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ ਜਦ ਕਿ ਸੜਕੀ ਆਵਾਜਾਈ ਪੁਲਿਸ ਨੇ ਹੋਰ ਰਸਤੇ ਰਾਹੀ ਸ਼ੁਰੂ ਕਰਵਾ ਦਿਤੀ ਸੀ।