
'ਹਰੇਕ ਯੋਗ ਵਿਅਕਤੀ ਵੋਟਰ ਬਣੇ' ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਨਾ ਰਾਜੂ ਨੇ ਅੱਜ ਇੱਥੇ ਰਾਜ ਦੇ ਕਿੰਨਰ ਸਮਾਜ ਦੇ...
ਚੰਡੀਗੜ੍ਹ : 'ਹਰੇਕ ਯੋਗ ਵਿਅਕਤੀ ਵੋਟਰ ਬਣੇ' ਪ੍ਰੋਗਰਾਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਨਾ ਰਾਜੂ ਨੇ ਅੱਜ ਇੱਥੇ ਰਾਜ ਦੇ ਕਿੰਨਰ ਸਮਾਜ ਦੇ ਆਗੂਆਂ ਨਾਲ ਮੀਟਿੰਗ ਕੀਤੀ। ਡਾ. ਰਾਜੂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕਿੰਨਰ ਸਮਾਜ ਦੇ ਹਰੇਕ 18 ਸਾਲ ਜਾਂ ਉਸ ਤੋਂ ਉਪਰ ਉਮਰ ਦੇ ਵਿਅਕਤੀ ਨੂੰ ਵੋਟ ਬਣਾਉਣ ਅਤੇ ਪਾਉਣ ਲਈ ਉਤਸ਼ਾਹਤ ਕਰਨ। ਇਸ ਕੰਮ ਲਈ ਚੋਣ ਕਮਿਸ਼ਨ ਵੱਲੋਂ ਜੋ ਵੀ ਮਦਦ ਦੀ ਲੋੜ ਹੈ, ਉਹ ਦਿਤੀ ਜਾਵੇਗੀ।
ਉਨ੍ਹਾਂ ਮੀਟਿੰਗ ਵਿਚ ਹਾਜ਼ਰ ਮਨਸਾ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਅਤੇ ਕੌਮੀ ਲੋਕ ਅਦਾਲਤ ਦੀ ਪਹਿਲੀ ਕਿੰਨਰ ਮੈਂਬਰ ਮੋਹਿਨੀ ਮਹੰਤ ਨੂੰ ਅਪੀਲ ਕੀਤੀ ਕਿ ਉਹ ਅਪਣੀ ਸੰਸਥਾ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਨ। ਮਹੰਤ ਮੋਹਿਨੀ ਵੱਲੋਂ ਮੰਗ ਕੀਤੀ ਗਈ ਕਿ ਕਿੰਨਰ ਸਮਾਜ ਦੇ ਮੈਂਬਰਾਂ ਦਾ ਕੋਈ ਸਥਾਈ ਪਤਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਕੋਲ ਰਿਹਾਇਸ਼ ਦਾ ਕੋਈ ਸਬੂਤ ਹੁੰਦਾ ਹੈ।
ਇਸ ਲਈ ਉਹ ਵੋਟਰ ਸੂਚੀ ਵਿਚ ਅਪਣੀ ਰਜਿਸਟਰੇਸ਼ਨ ਨਹੀਂ ਕਰਵਾ ਸਕਦੇ। ਇਸ ਮੰਗ ਨੂੰ ਜਾਇਜ਼ ਮੰਨਦਿਆਂ ਸੀ.ਈ.ਓ. ਡਾ. ਰਾਜੂ ਨੇ ਕਿਹਾ ਕਿ ਇਸ ਵਾਸਤੇ ਸਬੰਧਤ ਡੇਰਾ ਦਾ ਸਰਟੀਫਿਕੇਟ ਜਾਂ ਸਬੰਧਤ ਵਿਅਕਤੀ ਦਾ ਸਵੈ ਘੋਸ਼ਣਾ ਪੱਤਰ ਚੱਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਿਆ ਜਾਵੇਗਾ
ਤਾਂ ਕਿ 2019 ਦੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸਮੀਖਿਆ ਦੀ 'ਕੰਟੀਨਿਊਸ਼ੇਨ ਅਪਡੇਸ਼ਨ' ਪ੍ਰਕਿਰਿਆ ਵਿਚ ਵੋਟ ਬਣਾਉਣ ਤੋਂ ਰਹਿ ਗਏ ਕਿੰਨਰ ਸਮਾਜ ਦੇ ਮੈਂਬਰਾਂ ਦੀ ਵੀ ਵੋਟ ਬਣ ਸਕੇ। ਮੀਟਿੰਗ ਵਿਚ ਜਨਰਲ ਸਕੱਤਰ ਮੰਗਲ ਮੁਖੀ ਟਰਾਂਸਜੈਂਡਰ ਵੈਲਫੇਅਰ ਸੁਸਾਇਟੀ, ਚੰਡੀਗੜ੍ਹ ਧਨੰਜੈ ਚੌਹਾਨ ਵੀ ਹਾਜ਼ਰ ਸਨ।