
ਖਪਤਕਾਰਾਂ ਦੇ ਘਰਾਂ ਵਿਚ ਲਗਾਏ ਜਾਣਗੇ ਦੋ ਤਰ੍ਹਾਂ ਦੇ ਮੀਟਰ
ਚੰਡੀਗੜ੍ਹ: ਪਾਵਰਕਾਮ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਮਾਰਟ ਬਿਜਲੀ ਮੀਟਰ ਲਗਵਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪਹਿਲੇ ਪੜਾਅ ਤਹਿਤ ਸੂਬੇ ’ਚ 90 ਹਜ਼ਾਰ ਮੀਟਰ ਲਗਾਏ ਜਾ ਰਹੇ ਹਨ। ਇਸ ਦੀ ਸ਼ੁਰੂਆਤ ਜ਼ਿਲ੍ਹਾ ਲੁਧਿਆਣਾ ਅਤੇ ਮੋਹਾਲੀ ਤੋਂ ਕੀਤੀ ਜਾ ਰਹੀ ਹੈ।
Smart Meter
ਇਸ ਦੇ ਚਲਦਿਆਂ ਮੀਟਰ ਤੇ ਫੀਟਿੰਗ ਸਮੇਤ ਹਰ ਮੀਟਰ ਦਾ ਕਰੀਬ 7500 ਰੁਪਏ ਦਾ ਖਰਚਾ ਪਾਵਰਕਾਮ ਵੱਲੋਂ ਚੁੱਕਿਆ ਜਾਵੇਗਾ। ਬਿਜਲੀ ਰੈਗੂਲੇਟਰੀ ਕਮਿਸ਼ਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਸਮਾਰਟ ਬਿਜਲੀ ਮੀਟਰਾਂ ਦਾ ਖਰਚਾ ਖਪਤਕਾਰ ਕੋਲੋਂ ਨਹੀਂ ਲਿਆ ਜਾਵੇਗਾ।
Smart Meter
ਖਪਤਕਾਰਾਂ ਦੇ ਘਰਾਂ ਵਿਚ ਲਗਾਏ ਜਾਣਗੇ ਦੋ ਤਰ੍ਹਾਂ ਦੇ ਮੀਟਰ
ਪਾਵਰਕਾਮ ਵੱਲੋਂ ਖ਼ਪਤਕਾਰਾਂ ਦੇ ਘਰਾਂ ਵਿਚ ਦੋ ਤਰ੍ਹਾਂ ਦੇ ਮੀਟਰ ਲਗਾਏ ਜਾਣਗੇ। ਪਹਿਲਾ ਮੀਟਰ ਪ੍ਰੀਪੇਡ ਮੀਟਰ ਹੈ, ਜਿਸ ਦਾ ਕਾਰਡ ਬਿਜਲੀ ਦਫ਼ਤਰ ਤੋਂ ਮਿਲੇਗਾ ਅਤੇ ਮੋਬਾਈਲ ਫੋਨ ਦੇ ਰੀਚਾਰਜ ਦੀ ਤਰ੍ਹਾਂ ਹੀ ਪੈਸੇ ਜਮਾਂ ਕਰਵਾ ਕੇ ਬਿਜਲੀ ਮਿਲੇਗੀ। ਕਾਰਡ ਖਤਮ ਹੋਣ ਸਮੇਂ ਮੀਟਰ ਬੀਪ ਕਰੇਗਾ। ਰਿਚਾਰਜ ਖਤਮ ਹੋਣ ਤੋਂ ਬਾਅਦ ਚਾਰ ਘੰਟਿਆਂ ਵਿਚਕਾਰ ਹੀ ਨਵਾਂ ਰੀਚਾਰਜ ਕਰਨਾ ਹੋਵੇਗਾ। ਇਹਨਾਂ 4 ਘੰਟਿਆਂ ਦੌਰਾਨ ਬਿਜਲੀ ਚੱਲਦੀ ਰਹੇਗੀ।
Smart Meter
ਦੱਸ ਦਈਏ ਕਿ ਸਮਾਰਟ ਮੀਟਰ ਦਾ ਮੁੱਖ ਮਕਸਦ ਬਿਜਲੀ ਚੋਰੀ ਰੋਕਣਾ ਹੈ। ਪ੍ਰੀਪੇਡ ਸਮਾਰਟ ਮੀਟਰ ਲਗਵਾਉਣ ਵਾਲੇ ਗ੍ਰਾਹਕਾਂ ਨੂੰ ਪਾਵਰਕਾਮ ਵੱਲੋਂ ਇਕ ਯੋਜਨਾ ਤਹਿਤ ਬਿਲ ਵਿਚ ਛੋਟ ਵੀ ਮਿਲੇਗੀ। ਇਸ ਤੋਂ ਇਲਾਵਾ ਦੂਜਾ ਸਮਾਰਟ ਮੀਟਰ ਪੋਸਟ ਪੇਡ ਹੈ। ਪੋਸਟ ਪੇਡ ਮੀਟਰ ਵੀ ਆਨਲਾਈਨ ਹੁੰਦੇ ਹਨ। ਇਸ ਦੇ ਅੰਦਰ ਸਿਮ ਲੱਗਿਆ ਹੁੰਦਾ ਹੈ। ਇਸ ਮੀਟਰ ਵਿਚ ਘਰ ਜਾ ਕੇ ਰੀਡਿੰਗ ਲੈਣ ਦੀ ਲੋੜ ਨਹੀਂ ਹੁੰਦੀ। ਆਨਲਾਈਨ ਮੀਟਰ ਹਰ ਬਿਜਲੀ ਖਪਤ ਦੀ ਰਿਪੋਰਟ ਸਿੱਧੇ ਪਾਵਰਕਾਮ ਨੂੰ ਦੇਵੇਗਾ।
Electricity meter
ਆਨਲਾਈਨ ਬਿਲ ਜਮ੍ਹਾਂ ਕਰਵਾਉਣ ’ਤੇ ਮਿਲੇਗੀ ਛੋਟ
ਇਸ ਤੋਂ ਇਲਾਵਾ 20 ਹਜ਼ਾਰ ਤੋਂ ਜ਼ਿਆਦਾ ਹਰ ਬਿੱਲ ਦੀ ਰਕਮ ਆਨਲਾਈਨ ਹੀ ਜਮ੍ਹਾਂ ਹੋਵੇਗੀ। ਇਸ ਉੱਤੇ ਉਪਭੋਗਤਾ ਨੂੰ 0.25 ਫੀਸਦ ਦੀ ਛੋਟ ਮਿਲੇਗੀ। ਯਾਨੀ ਗ੍ਰਾਹਕ ਜੋ ਖ਼ਰਚਾ ਆਨਲਾਈਨ ਟ੍ਰਾਂਜੈਕਸ਼ਨ ’ਤੇ ਬੈਂਕ ਨੂੰ ਦੇਵੇਗਾ ਓਨਾ ਹੀ ਲਾਭ ਪਾਵਰਕਾਮ ਗ੍ਰਾਹਕ ਨੂੰ ਦੇ ਕੇ ਖ਼ਰਚਾ ਬਰਾਬਰ ਕਰ ਦੇਵੇਗਾ।