
ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
ਨਵੀਂ ਦਿੱਲੀ, 4 ਅਪ੍ਰੈਲ : ਸੁਪਰੀਮ ਕੋਰਟ ਨੇ ਆਰ ਜੇ ਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ। ਅਦਾਲਤ ਵਲੋਂ ਛੇਤੀ ਤੋਂ ਛੇਤੀ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ। ਉਨ੍ਹਾਂ ਝਾਰਖੰਡ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਲਾਲੂ ਯਾਦਵ ਨੂੰ ਨੋਟਿਸ ਜਾਰੀ ਕਰ ਜਵਾਬ ਦੇਣ ਲਈ ਕਿਹਾ ਹੈ। ਸੋਮਵਾਰ ਨੂੰ ਜਸਟਿਸ ਐਲ ਨਾਗੇਸ਼ਵਰ ਰਾਓ ਅਤੇ ਬੀ ਆਰ ਗਵਈ ਦੀ ਬੈਂਚ ਨੇ ਲਾਲੂ ਯਾਦਵ ਦੀ ਜ਼ਮਾਨਤ ਅਰਜ਼ੀ ਵਿਰੁਧ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਹੈ। ਝਾਰਖੰਡ ਸਰਕਾਰ ਵਲੋਂ ਦਾਇਰ ਕੀਤੀ ਅਰਜ਼ੀ ’ ਸੂਬੇ ਦੀ ਉਚ ਅਦਾਲਤ ਵਲੋਂ ਦੁਮਕਾ ਰਾਜਕੋਸ਼ ਮਾਮਲੇ ’ਚ 17 ਅਪ੍ਰੈਲ 2021 ਨੂੰ ਦਿਤੀ ਜ਼ਮਾਨਤ ਨੂੰ ਚੁਣੌਤੀ ਦਿਤੀ ਗਈ ਸੀ। ਇਸ ਤੋਂ ਇਲਾਵਾ ਚਾਈਬਾਸਾ ਰਾਜਕੋਸ਼ ਮਾਮਲੇ ’ਚ ਵੀ 9 ਸਤੰਬਰ 2020 ਨੂੰ ਲਾਲੂ ਯਾਦਵ ਨੂੰ ਜ਼ਮਾਨਤ ਦਿਤੀ ਗਈ ਸੀ। ਉਸ ਵਿਰੁਧ ਵੀ ਅਰਜ਼ੀ ਦਾਇਰ ਕੀਤੀ ਗਈ ਹੈ, ਜਿਸ ’ਚ ਅਦਾਲਤ ਨੇ ਸੁਣਵਾਈ ਦਾ ਫ਼ੈਸਲਾ ਕੀਤਾ ਹੈ। ਚਾਰਾ ਘੁਟਾਲੇ ਨਾਲ ਜੁੜੇ ਕੁਲ 5 ਮਾਮਲੇ ਹਨ ਜਿਨ੍ਹਾਂ ’ਚ 950 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਮਾਮਲਾ ਜਨਵਰੀ 1996 ’ਚ ਸਾਹਮਣੇ ਆਇਆ ਸੀ, ਜਦੋਂ ਚਾਈਬਾਸਾ ਦੇ ਡਿਪਟੀ ਕਮਿਸ਼ਨਰ ਅਮਿਤ ਖਰੇ ਨੇ ਪਸ਼ੂ ਪਾਲਣ ਵਿਭਾਗ ’ਚ ਛਾਪੇਮਾਰੀ ਕੀਤੀ ਸੀ। (ਪੀਟੀਆਈ)