
24 ਘੰਟੇ ਸੁੱਤਾ ਵੀ ਨਾ ਤੇ ਹੋਟਲ ਦੀ ਬਾਰੀ ਵਿਚ ਖੜਾ ਰਹਿ ਕੇ ‘ਅਪ੍ਰੇਸ਼ਨ’ ਵੇਖਦਾ ਰਿਹਾ...
ਅੰਮ੍ਰਿਤਸਰ (ਸਪੋਕਸਮੈਨ ਸਮਾਚਾਰ ਸੇਵਾ): ਸ੍ਰੀ ਦਰਬਾਰ ਸਾਹਿਬ( Sri Harmandir Sahib ) ਤੇ ਹਮਲਾਵਰ ਹੋ ਕੇ ਆਈ ਫ਼ੌਜ ਲਈ ਪੰਜ ਜੂਨ ਦਾ ਦਿਨ ਬਹੁਤ ਕਹਿਰੀ ਹੋ ਨਿਬੜਿਆ। ਫ਼ੌਜੀ ਹਮਲੇ ਦੀ ਅਗਵਾਈ ਕਰਨ ਵਾਲੇ ਜਰਨਲ ਸੁੰਦਰਜੀ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ( Indira Gandhi) ਨਾਲ ਗੱਲਬਾਤ ਦੌਰਾਨ ਫੜ ਮਾਰੀ ਸੀ ਕਿ ਇਹ ਅਪ੍ਰੇਸ਼ਨ 2 ਘੰਟੇ ਵਿਚ ਮੁਕੰਮਲ ਕਰ ਲਿਆ ਜਾਵੇਗਾ ਪਰ ਹੁਣ 24 ਘੰਟੇ ਤੋਂ ਜ਼ਿਆਦਾ ਸਮਾਂ ਗੁਜ਼ਰ ਚੁੱਕਾ ਸੀ।
1984 Darbar Sahib
ਜਰਨਲ ਸੁੰਦਰਜੀ ਸਾਫ਼ ਤੌਰ ’ਤੇ ਛਿੱਥਾ ਪੈ ਚੁੱਕਾ ਸੀ। ਜਰਨਲ ਸੁੰਦਰਜੀ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਪਹਿਲਾਂ ਸਿਟੀ ਕੋਤਵਾਲੀ, ਫਿਰ ਜਲਿਆਂ ਵਾਲਾ ਬਾਗ਼ ਤੇ ਫਿਰ ਟੈਂਪਲ ਵਿਉ ਹੋਟਲ ਤੋਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ( Sri Harmandir Sahib ) ਦੇ ਨੇੜੇ ਸਥਿਤ ਕਟੜਾ ਆਹਲੂਵਾਲੀਆ ਦੀ ਇਕ ਭੀੜੀ ਗਲੀ ਜਿਸ ਦਾ ਨਾਮ ਧਰੇਕ ਵਾਲੀ ਗਲੀ ਹੈ, ਦੇ ਇਕ ਮਕਾਨ ਦੀ ਛੱਤ ’ਤੇ ਜਾ ਚੜ੍ਹਿਆ। ਕੁੱਝ ਪ੍ਰਤੱਖ ਦਰਸ਼ੀ ਦਸਦੇ ਹਨ ਕਿ ਜਰਨਲ ਸੁੰਦਰਜੀ ਲੰਮਾ ਸਮਾਂ ਹੋਟਲ ਵਿਊ ਦੇ ਇਕ ਕਮਰੇ ਦੀ ਬਾਰੀ ਵਿਚ ਖੜਾ ਹੋ ਕੇ ਅਕਾਲ ਤਖ਼ਤ ’ਤੇ ਹੋ ਰਹੀ ਗੋਲਾਬਾਰੀ ਦੇਖਦਾ ਰਿਹਾ। ਜਦ ਉਸ ਨੂੰ ਲਗ ਰਿਹਾ ਸੀ ਕਿ ਸਫ਼ਲਤਾ ਉਸ ਤੋਂ ਦੂਰ ਜਾ ਰਹੀ ਹੈ ਤਾਂ ਉਹ ਇਕ ਘਰ ਦੀ ਛੱਤ ’ਤੇ ਜਾ ਚੜਿ੍ਹਆ। ਇਸ ਛੱਤ ਨੂੰ ਬਾਅਦ ਵਿਚ ਫ਼ੌਜ ਦੇ ਅੰਮ੍ਰਿਤਸਰ ਰਹਿਣ ਤਕ ਸੁੰਦਰਜੀ ਪੋਸਟ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ।
1984 Darbar Sahib
ਜਨਰਲ ਸੁੰਦਰਜੀ 24 ਘੰਟੇ ਤੋਂ ਵਧ ਸਮਾਂ ਸੁੱਤਾ ਵੀ ਨਹੀਂ ਸੀ। ਸ੍ਰੀ ਦਰਬਾਰ ਸਾਹਿਬ( Sri Harmandir Sahib ) ਸਮੂਹ ਅੰਦਰ ਅਕਾਲ ਤਖ਼ਤ ਸਾਹਿਬ ( Akal Takht ) ਅਤੇ ਹੋਰ ਵੱਖ ਵੱਖ ਇਮਾਰਤਾਂ ਅੰਦਰ ਜੂਝਾਰੂ ਸਿੰਘਾਂ ਤੇ ਨੌਜਵਾਨਾਂ ਦੇ ਮੋਰਚਿਆਂ, ਗੁਰੂ ਰਾਮਦਾਸ ਸਰਾਂ, ਅਕਾਲ ਰੈਸਟ ਹਾਊਸ ਅਤੇ ਗੁਰੂ ਨਾਨਕ ਨਿਵਾਸ ਆਦਿ ਸਥਾਨਾਂ ਤੇ ਸਿੰਘਾਂ ਤੇ ਸੰਗਤਾਂ ਦੀਆਂ ਸਰਗਰਮੀਆਂ ਭਖਵੇਂ ਰੂਪ ਵਿਚ ਜਾਰੀ ਸਨ। ਇਸ ਕਰ ਕੇ ਇਨ੍ਹਾਂ ਸਥਾਨਾਂ ਦੇ ਵਾਤਾਵਰਣ ਵਿਚ ਸੁਣਾਈ ਦੇ ਰਹੇ ਬੋਲਾਂ ਵਿਚ ਜੋਸ਼, ਜਜ਼ਬਾ ਅਤੇ ਚੜ੍ਹਦੀ ਕਲਾ ਦਾ ਪ੍ਰਭਾਵ ਮਿਲਵੇ ਜੁਲਵੇ ਰੂਪ ਵਿਚ ਅਪਣਾ ਰੰਗ ਦਿਖਾ ਰਿਹਾ ਸੀ।
1984
ਸੰਗਤਾਂ ਦੇ ਮੁਕਾਬਲੇ ਤੇ ਸਮੁੰਦਰੀ ਹਾਲ ਵਿਚ ਸ਼ਰਨ ਲਈ ਬੈਠੇ ਹੋਏ ਪੰਥਕ ਅਰਥਾਤ ਅਕਾਲੀ ਆਗੂਆਂ ਉਨ੍ਹਾਂ ਦੇ ਸੁਰਖਿਆ ਕਰਮਚਾਰੀਆਂ, ਯੂਥ ਦਲ ਦੇ ਵਰਕਰਾਂ ਤੇ ਛੋਟੇ ਵੱਡੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਸੋਚ ਨੀਤੀ ਤੇ ਮਾਨਸਕ ਅਵਸਥਾ ਪਤਲੀ, ਡਾਵਾਂਡੋਲ ਤੇ ਕਈ ਪ੍ਰਕਾਰ ਦੇ ਭਰਮ ਭੁਲੇਖਿਆਂ ਵਿਚ ਘਿਰੀ ਹੋਈ ਨਜ਼ਰ ਆ ਰਹੀ ਸੀ। ਸਮੁੰਦਰੀ ਹਾਲ ਦੇ ਬਰਾਂਡਿਆਂ ਵਿਚ ਦੇਖਣ ਤੇ ਜਾਪਦਾ ਸੀ ਜਿਵੇਂ ਸਦੀਆਂ ਤੋਂ ਅੱਜ ਦੇ ਦਿਨ ਦੀ ਉਡੀਕ ਵਿਚ ਬੈਠੀ ਕਿਸੇ ਭੁਖੀ ਡੈਣ ਨੇ ਸਮੁੰਦਰੀ ਹਾਲ ਵਿਚ ਤਾੜੀ ਬੈਠੇ ਪੰਥ ਦੇ ਮਲਾਹਾਂ ਨੂੰ ਉਨ੍ਹਾਂ ਦੇ ਬੇੜੇ ਵਿਚ ਬੈਠੇ ਸਾਰੇ ਸਾਥੀਆਂ ਦੇ ਕਲੇਜੇ, ਰੂਹਾਂ ਤੇ ਜ਼ਮੀਰਾਂ ਨੂੰ ਕੱਢ ਕੇ ਖਾ ਲਿਆ ਹੋਵੇ।