
ਮਮਤਾ ਆਸ਼ੂ ਵੱਲੋਂ ਲਿਸਟ ਦੀ ਜਾਂਚ ਕਰਵਾਉਣ ਦੀ ਕੀਤੀ ਜਾ ਰਹੀ ਮੰਗ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਤੇ ‘ਤੇ ਹੋਈ ਬਹਿਸ
ਲੁਧਿਆਣਾ : ਲੁਧਿਆਣਾ ਦੇ ਨਗਰ ਨਿਗਮ ਹਾਊਸ ਦੀ ਮੀਟਿੰਗ ਗੁਰੂ ਨਾਨਕ ਭਵਨ ਵਿਖੇ ਹੋਈ ਜਿਸ ਵਿਚ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਗਿਆ। ਇਸ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਨਗਰ ਨਿਗਮ ਕਮਿਸ਼ਨਰ ਸ਼ਾਇਨਾ ਅਗਰਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਪਿਛਲੀ ਮੀਟਿੰਗ ਵਿੱਚ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਕੱਚੇ ਮੁਲਾਜ਼ਮਾਂ ਦੀ ਸੂਚੀ ਵਿੱਚ ਹੇਰਾਫੇਰੀ ਕਰ ਕੇ ਗਲਤ ਨਾਂ ਸ਼ਾਮਲ ਕੀਤੇ ਹਨ, ਉਨ੍ਹਾਂ ਦੀ ਇੱਕ ਹਫ਼ਤੇ ਤੱਕ ਜਾਂਚ ਕਰਵਾਈ ਜਾਵੇ। ਮੈਂ ਕਾਰਵਾਈ ਕਰਾਂਗਾ।
ਉਸ ਸਮੇਂ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕਮਿਸ਼ਨਰ ਨਾਲ ਹਾਮੀ ਭਰੀ ਸੀ। ਕੌਂਸਲਰ ਮਮਤਾ ਆਸ਼ੂ ਦੇ ਇਸ ਸਵਾਲ ਦਾ ਜਦੋਂ ਨਿਗਮ ਕਮਿਸ਼ਨਰ ਕੋਈ ਜਵਾਬ ਨਹੀਂ ਦੇ ਸਕੇ ਤਾਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਵਾਬ ਦਿੱਤਾ ਕਿ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਬਾਅਦ ਵਿੱਚ ਦੇਖਿਆ ਜਾਵੇਗਾ।
ਜੇਕਰ ਸੂਚੀ ਵਿੱਚ ਕੋਈ ਕਮੀ ਹੈ ਤਾਂ ਉਹ ਬਾਅਦ ਵਿੱਚ ਇਸ ਦੀ ਜਾਂਚ ਵੀ ਕਰਵਾਉਣਗੇ। ਇਸ ਤੋਂ ਬਾਅਦ ਕੌਂਸਲਰ ਮਮਤਾ ਆਸ਼ੂ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਵਿਚਾਲੇ ਕਾਫੀ ਬਹਿਸ ਹੋਈ ਜੋ ਕਿ ਨਿਗਮ ਹਾਊਸ ਵਿੱਚ ਮੁੱਦਾ ਬਣ ਗਈ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਮਮਤਾ ਆਸ਼ੂ ਨਹੀਂ ਚਾਹੁੰਦੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
ਵਿਧਾਇਕ ਗੋਗੀ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਕੌਂਸਲਰ ਮਮਤਾ ਆਸ਼ੂ ਅਤੇ ਹੋਰ ਕਾਂਗਰਸੀ ਮੁੜ ਅੜਿੱਕੇ ਖੜ੍ਹੇ ਕਰ ਰਹੇ ਹਨ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਮਤਾ ਪਾਸ ਹੋਵੇਗਾ। ਬਹਿਸ ਤੋਂ ਬਾਅਦ ਮੇਅਰ ਬਲਕਾਰ ਸੰਧੂ ਨੇ ਵਿਵਾਦ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।
ਉਧਰ ਸਫ਼ਾਈ ਮੁਲਾਜ਼ਮਾਂ ਵੱਲੋਂ ਵੀ ਅੱਜ ਮਮਤਾ ਆਸ਼ੂ ਦਾ ਵਿਰੋਧ ਕਰਨ ਲਈ ਕੂੜੇ ਦੀਆਂ ਰੇਹੜੀਆਂ ਭਰ ਕੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਲਗਾ ਦਿੱਤੀਆਂ ਗਈਆਂ। ਇਸ ਦੌਰਾਨ ਜੰਮ ਕੇ ਹੰਗਾਮਾ ਹੋਇਆ ਪਰ ਮੌਕੇ 'ਤੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਪਹੁੰਚੇ ਜਿਨ੍ਹਾਂ ਨੇ ਸਫ਼ਾਈ ਮੁਲਾਜ਼ਮਾਂ ਨੂੰ ਸ਼ਾਂਤ ਕਰਵਾਇਆ ਅਤੇ ਨਾਲ ਹੀ ਮਮਤਾ ਆਸ਼ੂ ਨੇ ਵੀ ਸਫ਼ਾਈ ਦਿੱਤੀ। ਸਫ਼ਾਈ ਮੁਲਾਜ਼ਮਾਂ ਨੇ ਕਿਹਾ ਕਿ ਹਾਊਸ ਦੀ ਮੀਟਿੰਗ ਦੌਰਾਨ ਸਹਾਇਕ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮਾਮਲੇ ਨੂੰ ਲੈ ਕੇ ਮਮਤਾ ਆਸ਼ੂ ਨੇ ਵਿਰੋਧ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੇ ਭੜਾਸ ਕੱਢੀ ਹੈ।
ਦੱਸ ਦਈਏ ਕਿ ਗੁਰਪ੍ਰੀਤ ਗੋਗੀ ਨੇ ਕਾਂਗਰਸ ਦੀ ਸਰਕਾਰ ਹੋਣ 'ਤੇ ਕੌਂਸਲਰ ਦੀ ਚੋਣ ਜਿੱਤੀ ਸੀ। ਗੁਰਪ੍ਰੀਤ ਗੋਗੀ ਮੇਅਰ ਦੀ ਕੁਰਸੀ ਦੇ ਬਹੁਤ ਨੇੜੇ ਸਨ ਪਰ ਮੰਤਰੀ ਹੋਣ ਦੇ ਨਾਤੇ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਪੱਲਾ ਬਰਕਰਾਰ ਰੱਖਦਿਆਂ ਆਪਣੇ ਖਾਸ ਬਲਕਾਰ ਸੰਧੂ ਨੂੰ ਮੇਅਰ ਬਣਾ ਲਿਆ ਸੀ। ਇਸ ਕਾਰਨ ਗੁਰਪ੍ਰੀਤ ਗੋਗੀ ਅਤੇ ਭਾਰਤ ਭੂਸ਼ਨ ਆਸ਼ੂ ਵਿਚਾਲੇ ਦੂਰੀ ਵਧ ਗਈ।
ਗੁਰਪ੍ਰੀਤ ਗੋਗੀ ਨੇ ਭਾਰਤ ਭੂਸ਼ਨ ਆਸ਼ੂ ਦੇ ਮੰਤਰੀ ਹੁੰਦਿਆਂ ਕਾਂਗਰਸ ਦੇ ਸਾਰੇ ਸਮਾਗਮਾਂ ਵਿਚ ਆਉਣਾ-ਜਾਣਾ ਬੰਦ ਕਰ ਦਿੱਤਾ ਸੀ। ਗੁਰਪ੍ਰੀਤ ਸਿੰਘ ਗੋਗੀ ਚਾਰ ਵਾਰ ਨਿਗਮ ਵਿੱਚ ਕੌਂਸਲਰ ਰਹਿ ਚੁੱਕੇ ਹਨ, ਲੰਮੇ ਸਮੇਂ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਰਹੇ ਹਨ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਤਕਰਾਰ ਹੋ ਗਈ ਸੀ। ਜਿਸ ਕਾਰਨ ਮੇਅਰ ਬਣਾਏ ਜਾਣ 'ਤੇ ਅੜੇ ਰਹੇ।
ਚੋਣਾਂ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਅਚਾਨਕ 'ਆਪ' ਪਾਰਟੀ 'ਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਵੀ ਦਿੱਤੀ ਸੀ। ਗੁਰਪ੍ਰੀਤ ਗੋਗੀ ਭਾਰਤ ਭੂਸ਼ਨ ਆਸ਼ੂ ਨੂੰ ਹਰਾ ਕੇ ਲੁਧਿਆਣਾ ਪੱਛਮੀ ਤੋਂ ਸੀਟ ਜਿੱਤ ਕੇ ਵਿਧਾਇਕ ਬਣੇ। ਵਿਧਾਇਕ ਗੁਰਪ੍ਰੀਤ ਗੋਗੀ ਦਾ ਕਹਿਣਾ ਹੈ ਕਿ ਰਾਜਨੀਤੀ ਵਿਚ ਆਉਣ ਦਾ ਉਨ੍ਹਾਂ ਦਾ ਮਕਸਦ ਸਿਰਫ ਲੋਕ ਸੇਵਾ ਹੈ। ਗੁਰਪ੍ਰੀਤ ਗੋਗੀ ਨੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 7512 ਵੋਟਾਂ ਨਾਲ ਹਰਾਇਆ ਸੀ।