
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀਆਂ ਵਲੋਂ ਕਾਨੂੰਨ ਵਿਵਸਥਾ ਦੀ ਬੇਲੋੜੀ ਸੱਮਸਿਆ ਪੈਦਾ ਕਰਨ ਲਈ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਾਹਿਰ ਗਰੁੱਪ ਦੁਆਰਾ ਇਨ੍ਹਾਂ ਕਿਤਾਬਾਂ ਦੇ ਜ਼ਾਇਜੇ ਦਾ ਕਾਰਜ ਮੁਕੰਮਲ ਕਰ ਲਏ ਜਾਣ ਤੱਕ ਕੋਰਸ ਵਿਚ ਨਵੀਆਂ ਕਿਤਾਬਾਂ ਨਾ ਲਾਏ ਜਾਣ ਦੀ ਗੱਲ ਨੂੰ ਸਪੱਸ਼ਟ ਕਰ ਦੇਣ ਦੇ ਬਾਵਜੂਦ ਅਕਾਲੀਆਂ ਵਲੋਂ ਬਦਅਮਨੀ ਪੈਦਾ ਕੀਤੀ ਜਾ ਰਹੀ ਹੈ।
ਅਕਾਲੀ ਵਿਖਾਵਾਕਾਰੀਆਂ ਵਲੋਂ ਮੁੱਖ ਮੰਤਰੀ ਨਿਵਾਸ ਸਥਾਨ ਦੇ ਬਾਹਰ ਲੱਗੀਆਂ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਨਾਲ ਝੜਪ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਕਾਨੂੰਨ ਨੂੰ ਅਪਣੇ ਹੱਥਾਂ ਵਿਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦਿਵਾਲੀ ਤੋਂ ਐਨ ਪਹਿਲਾਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਅਹਿਮ ਕਾਰਜ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਰਿਹਾ ਹੈ। ਅੱਜ ਇਥੇ ਜਾਰੀ ਇਕ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
ਕਿ ਸੁਖਬੀਰ ਦੀ ਇਹ ਕ੍ਰੋਧ ਭਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸੰਕਟ ਤੋਂ ਧਿਆਨ ਨੂੰ ਲਾਂਭੇ ਖਿੱਚਣ ਦੀ ਕੋਸ਼ਿਸ਼ ਹੈ। ਅਕਾਲੀ ਦਲ ਲੋਕ ਸਭਾ ਚੋਣਾਂ ਤੋਂ ਕੇਵਲ ਕੁਝ ਮਹੀਨੇ ਪਹਿਲਾਂ ਗੰਭੀਰ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ) ਨੂੰ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਮੌਜੂਦਾ ਕਿਤਾਬਾਂ ਉਨਾਚਿਰ ਜਾਰੀ ਰੱਖਣ ਲਈ ਨਿਰਦੇਸ਼ ਦਿਤੇ ਹਨ
ਜਿਨ੍ਹਾਂ ਚਿਰ ਮਾਹਿਰ ਗਰੁੱਪ ਵਲੋਂ ਕਿਤਾਬਾਂ ਦੇ ਜ਼ਾਇਜੇ ਸਬੰਧੀ ਲੰਬਿਤ ਪਏ ਕੰਮ ਨੂੰ ਮੁਕੰਮਲ ਨਹੀ ਕਰ ਲਿਆ ਜਾਂਦਾ। ਇਸ ਗਰੁੱਪ ਨੇ ਪਹਿਲਾਂ ਹੀ 11 ਮੀਟਿੰਗਾਂ ਕਰ ਲਈਆਂ ਹਨ ਅਤੇ ਇਸ ਵਲੋਂ ਤੱਥਾਂ ਅਤੇ ਧਾਰਮਿਕ ਵਿਵਰਨ ਬਾਰੇ ਘੋਖ ਕੀਤੀ ਜਾ ਰਹੀ ਹੈ। ਇਹ ਮਾਹਿਰ ਗਰੁੱਪ ਵਿਚ ਉੱਘੇ ਇਤਿਹਾਸਕਾਰ ਹਨ। 11ਵੀਂ ਅਤੇ 12ਵੀਂ ਦੇ ਇਤਿਹਾਸ ਦੇ ਪਾਠਕ੍ਰਮ ਵਿਚ ਕਥਿਤ ਗਲਤੀਆਂ ਅਤੇ ਉਕਾਈਆਂ ਦੇ ਸਬੰਧ ਵਿਚ ਕੁਝ ਲੋਕਾਂ ਵਲੋਂ ਉਠਾਈਆਂ ਗਈਆਂ ਚਿੰਤਾਵਾਂ ਦੇ ਕਾਰਨ ਸੂਬਾ ਸਰਕਾਰ ਨੇ 11 ਮਈ, 2018 ਨੂੰ ਇਸ ਗਰੁੱਪ ਦਾ ਗਠਨ ਕੀਤਾ ਸੀ।
ਇਹ ਗਰੁੱਪ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਵਿਚ ਬਣਾਇਆ ਗਿਆ ਸੀ। ਡਾ. ਜੇ.ਐਸ. ਗਰੇਵਾਲ, ਡਾ. ਇੰਦੂ ਬੰਗਾ ਅਤੇ ਡਾ. ਪ੍ਰਿਥੀਪਾਲ ਸਿੰਘ ਕਪੂਰ, ਡਾ. ਬਲਵੰਤ ਸਿੰਘ ਢਿਲੋਂ ਅਤੇ ਡਾ. ਇੰਦਰਜੀਤ ਸਿੰਘ ਗੋਗੀਆਨੀ ਇਸ ਦੇ ਮੈਂਬਰ ਹਨ। ਪਿਛਲੇ ਦੋਵੇਂ ਮੈਂਬਰ ਐਸ.ਜੀ.ਪੀ.ਸੀ ਦੀ ਨੁਮਾਇੰਦਗੀ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਇਹ ਵੀ ਯਾਦ ਕਰਵਾਇਆ ਕਿ ਉਨ੍ਹਾਂ ਨੇ ਪਹਿਲਾਂ ਹੀ ਮਾਹਿਰ ਗਰੁੱਪ ਦੇ ਵਿਆਪਕ ਜ਼ਾਇਜੇ ਨੂੰ ਯਕੀਨੀ ਬਣਾਉਣ ਵਾਸਤੇ ਸਿੱਖਿਆ ਮੰਤਰੀ ਨੂੰ ਆਖਿਆ ਹੈ।
ਉਨ੍ਹਾਂ ਨੇ ਸਾਰੀਆਂ ਸ਼ਿਕਾਇਤਾਂ ਅਤੇ ਸੁਝਾਵਾਂ ਨੂੰ ਵਿਚਾਰਨ ਲਈ ਵੀ ਨਿਰਦੇਸ਼ ਦਿਤੇ ਹਨ। ਮੁੱਖ ਮੰਤਰੀ ਨੇ ਸਿੱਖਿਆ ਮੰਤਰੀ ਨੂੰ ਇਹ ਵੀ ਨਿਰਦੇਸ਼ ਦਿਤੇ ਹਨ ਕਿ ਉਹ ਪੀ.ਐਸ.ਈ.ਬੀ ਵਲੋਂ ਇਤਿਹਾਸ ਦੀਆਂ ਕਿਤਾਬਾਂ ਦੇ ਇਕੱਲੇ-ਇਕਹਿਰੇ ਚੈਪਟਨ ਜਾਰੀ ਨਾ ਕਰਨ ਨੂੰ ਵੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮਾਹਿਰ ਗਰੁੱਪ ਵਲੋਂ ਪ੍ਰਵਾਨਿਤ ਅਤੇ ਪੁਸ਼ਟੀ ਕੀਤੀ ਕਿਤਾਬ ਹੀ ਸਰਕਾਰ ਢੁਕਵੇਂ ਉਦਮ ਤੋਂ ਬਾਅਦ ਪ੍ਰਕਾਸ਼ਿਤ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਸਹੀ ਤੱਥਾਂ ਵਾਲੀਆਂ ਕਿਤਾਬਾਂ ਪੜਾਉਣ ਅਤੇ ਪੰਜਾਬ ਅਤੇ ਸਿੱਖ ਇਤਿਹਾਸ ਵਿਚ ਕਿਸੇ ਵੀ ਤਰ੍ਹਾਂ ਦੀ ਉਣਤਾਈ ਪਾਠਕ੍ਰਮ ਵਿਚ ਨਾ ਹੋਣ ਦੇਣ ਦੇ ਸਪੱਸ਼ਟ ਨਿਰਦੇਸ਼ ਦਿਤੇ ਜਾਣ ਦੇ ਬਾਵਜੂਦ ਸੁਖਬੀਰ ਅਤੇ ਉਸ ਦੀ ਜੁੰਡੀ ਅਪਣੇ ਸੌੜੇ ਹਿੱਤਾਂ ਦੇ ਕਾਰਨ ਇਸ ਨੂੰ ਸਿਆਸੀ ਰੰਗਤ ਦੇ ਰਹੀ ਹੈ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਪੰਜਾਬ ਦੇ ਲੋਕ ਖਾਸਕਰ ਵਿਦਿਆਰਥੀਆਂ ਦੇ ਹਿੱਤਾਂ ਪ੍ਰਤੀ ਉਨ੍ਹਾਂ ਵਿਚ ਕੋਈ ਵੀ ਸੰਵੇਦਨਸ਼ੀਲਤਾ ਨਹੀਂ ਹੈ।
ਅਕਾਲੀਆਂ ਦੀ ਕਾਰਵਾਈ ਨੂੰ ਬਹੁਤ ਜ਼ਿਆਦਾ ਗੈਰ ਜਿੰਮੇਵਾਰਾਨਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਵਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਅਪਣੀਆਂ ਇਨ੍ਹਾਂ ਕਾਰਵਾਈਆਂ ਕਾਰਨ ਹੁਣ ਪੂਰੀ ਤਰ੍ਹਾਂ ਗਰਕ ਗਏ ਹਨ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਅਕਾਲੀ ਦੇ ਭੰਡੀ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ 2017-18 ਦੇ ਅਕਾਦਮਿਕ ਵਰ੍ਹੇ ਵਾਲੀਆਂ ਇਤਿਹਾਸ ਦੀ ਨਿਰਧਾਰਤ ਕਿਤਾਬਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ।