
ਹਰਨੂਰ ਸਿੰਘ ਬਣਿਆ ਪੰਜਾਬ ਦਾ ਨਵਾਂ ਕ੍ਰਿਕਟ ਹੀਰੋ
ਜਲੰਧਰ, 6 ਫ਼ਰਵਰੀ (ਸਮਰਦੀਪ ਸਿੰਘ) : ਹਰਨੂਰ ਨੇ ਦਸਤਾਰਧਾਰੀ ਹਰਭਜਨ ਸਿੰਘ ਭੱਜੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਕ੍ਰਿਕਟ ਵਿਚ ਪੰਜਾਬ ਦੀ ਜਗ੍ਹਾ ਭਰਨ ਦੀ ਚੁਣੌਤੀ ਖੜ੍ਹੀ ਕਰ ਦਿਤੀ ਹੈ। ਹਰਨੂਰ ਸਨਿਚਰਵਾਰ ਨੂੰ ਆਇਰਲੈਂਡ ’ਚ ਵਿਸ਼ਵ ਕੱਪ ਜਿੱਤਣ ਵਾਲੀ ਅੰਡਰ-19 ਟੀਮ ਦਾ ਹਿੱਸਾ ਸੀ। ਉਸ ਨੇ ਆਇਰਲੈਂਡ ਵਿਰੁਧ 88 ਦੌੜਾਂ ਬਣਾਈਆਂ। ਉਸ ਨੇ ਇੰਗਲੈਂਡ ਵਿਰੁਧ ਸ਼ੁਰੂਆਤੀ ਮੈਚ ’ਚ 21 ਦੌੜਾਂ ਦਾ ਯੋਗਦਾਨ ਦਿਤਾ ਸੀ। ਭਾਰਤ ਨੇ ਇੰਗਲੈਂਡ ਨੂੰ ਹਰਾ ਕੇ ਪੰਜਵੀਂ ਵਾਰ ਟਰਾਫ਼ੀ ’ਤੇ ਕਬਜ਼ਾ ਕੀਤਾ। ਟੀਮ ਦੇ ਵਿਸ਼ਵ ਕੱਪ ਜਿੱਤਣ ’ਤੇ ਹਰਨੂਰ ਦੇ ਪਰਵਾਰਕ ਮੈਂਬਰ ਬਹੁਤ ਖੁਸ਼ ਹਨ।
ਜ਼ਿਕਰਯੋਗ ਹੈ ਕਿ ਭਾਰਤ ਦੀ ਅੰਡਰ-19 ਟੀਮ ਨੇ ਰਿਕਾਰਡ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਬਾਅਦ ਆਸਟ੍ਰੇਲੀਆ ਦਾ ਨੰਬਰ ਆਉਂਦਾ ਹੈ, ਜਿਸ ਨੇ ਤਿੰਨ ਵਾਰ ਇਸ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ।
ਇਸ ਨਾਲ ਹਰਨੂਰ ਜਲੰਧਰ ਹੀ ਨਹੀਂ ਸੂਬੇ ਅਤੇ ਦੇਸ਼ ਦੇ ਕ੍ਰਿਕਟ ਜਗਤ ਦੀ ਉਮੀਦ ਬਣ ਗਿਆ ਹੈ। ਹਰਨੂਰ ਦੇ ਦਾਦਾ ਰਜਿੰਦਰ ਸਿੰਘ, ਕ੍ਰਿਕਟ ਦੇ ਉੱਭਰਦੇ ਸਿਤਾਰੇ, ਸਾਬਕਾ ਰਣਜੀ ਖਿਡਾਰੀ ਰਹਿ ਚੁਕੇ ਹਨ। ਉਸ ਦੇ ਪਰਵਾਰ ਦੀ ਤੀਜੀ ਪੀੜ੍ਹੀ ਦੀ ਹਰਨੂਰ ਨੇ ਵੀ ਬੱਲੇ ਨੂੰ ਬਚਪਨ ਤੋਂ ਹੀ ਫੜਨਾ ਸ਼ੁਰੂ ਕਰ ਦਿਤਾ ਸੀ, ਉਦੋਂ ਹੀ ਉਸ ਦੇ ਪਰਵਾਰ ਨੂੰ ਅੰਦਾਜ਼ਾ ਸੀ ਕਿ ਇਹ ਇਕ ਦਿਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਪਣੇ ਹੁਨਰ ਦਾ ਪ੍ਰਦਰਸ਼ਨ ਕਰੇਗਾ। ਹਰਨੂਰ ਨੇ ਏਪੀਜੇ ਸਕੂਲ, ਜਲੰਧਰ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਡੀ.ਏ.ਵੀ ਸਕੂਲ ਚੰਡੀਗੜ੍ਹ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਸਮੇਂ ਉਹ ਐਸਡੀ ਕਾਲਜ ਚੰਡੀਗੜ੍ਹ ’ਚ ਅਪਣੀ ਗ੍ਰੈਜੂਏਸ਼ਨ ਕਰ ਰਿਹਾ ਹੈ। ਕਾਲਜ ਦੀ ਕ੍ਰਿਕਟ ਟੀਮ ਨਾਲ ਜੁੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।