
ਪਿਛਲੇ ਸਾਲ ਯੂਪੀਐੱਸਸੀ ਦੀ ਪ੍ਰੀਖਿਆ ਵਿਚੋਂ ਕੀਤਾ ਸੀ 454ਵਾਂ ਰੈਂਕ ਪ੍ਰਾਪਤ
ਲੁਧਿਆਣਾ: ਯੂਪੀਐੱਸਸੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚੋਂ ਦੋਰਾਹਾ ਸ਼ਹਿਰ ਦੇ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਮਾਲਵਿੰਦਰ ਸਿੰਘ ਨੇ ਜਿੱਥੇ ਦੇਸ਼ ਵਿਚ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਉੱਥੇ ਹਰਪ੍ਰੀਤ ਸਿੰਘ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਦੋਰਾਹਾ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕਰ ਦਿਤਾ ਹੈ। ਦੋਰਾਹਾ ਦੇ ਦਸ਼ਮੇਸ਼ ਨਗਰ 'ਚ ਰਹਿਣ ਵਾਲੇ ਹਰਪ੍ਰੀਤ ਸਿੰਘ ਦੇ ਪਿਤਾ ਮਾਲਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਅਪਣੇ ਬੇਟੇ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਪਹਿਲਾਂ ਬੀਐਸਐਫ਼ 'ਚ ਬਤੌਰ ਏਸੀਪੀ ਸੇਵਾ ਨਿਭਾ ਚੁੱਕਾ ਹੈ।
Harpreet Singh
ਪਿਛਲੇ ਸਾਲ ਉਸ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿਚੋਂ 454ਵਾਂ ਰੈਂਕ ਪ੍ਰਾਪਤ ਕਰਕੇ ਆਈਪੀਐੱਸ ਵਿਭਾਗ 'ਚ ਬਤੌਰ ਅਸਿਸਟੈਂਟ ਡਾਇਰੈਕਟਰ ਜਨਰਲ ਫੋਰਨ ਟਰੇਡ ਦੇ ਰੂਪ ਵਿਚ ਸੇਵਾ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਥਾਪਰ ਕਾਲਜ ਪਟਿਆਲਾ ਤੋਂ ਬੀਟੈੱਕ ਦੀ ਸਿੱਖਿਆ ਪ੍ਰਾਪਤ ਕਰਨ ਵਾਲਾ 28 ਸਾਲ ਦਾ ਹਰਪ੍ਰੀਤ ਸਿੰਘ ਹਰ ਕੰਮ ਮਿਹਨਤ ਅਤੇ ਲਗਨ ਨਾਲ ਕਰਦਾ ਹੈ। ਉਸ ਦਾ ਸੁਪਨਾ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਉੱਚੇ ਅਹੁਦੇ 'ਤੇ ਪਹੁੰਚਣਾ ਸੀ।
ਜਿਸ ਵਿਚ ਉਹ ਸਫ਼ਲ ਹੋਇਆ ਹੁਣ ਉਹ ਆਈਏਐਸ ਬਣ ਕੇ ਦੇਸ਼ ਦੀ ਸੇਵਾ ਕਰੇਗਾ। ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਬੰਤ ਸਿੰਘ ਦੁਬਰਜੀ, ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਕਾਲਾ, ਪ੍ਰੀਤਮ ਸਿੰਘ ਜੱਗੀ, ਜੀਨੂੰ ਦੋਹਾਰਾ, ਮਨਿੰਦਰਪਾਲ ਸਿੰਘ ਵਿੱਕੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਹਰਪ੍ਰੀਤ ਸਿੰਘ ਨੇ ਸ਼ਹਿਰ ਲਈ ਇਤਿਹਾਸ ਰੱਚ ਦਿੱਤਾ ਹੈ ਕਿਉਂਕਿ ਇਹ ਨੌਜਵਾਨ ਦੋਰਾਹਾ ਦਾ ਪਹਿਲਾ ਅਜਿਹਾ ਵਿਅਕਤੀ ਹੈ ਜਿਸ ਨੇ ਇਸ ਵਕਾਰੀ ਸਿੱਖਿਆ ਵਿਚੋਂ ਅਹਿਮ ਸਥਾਨ ਹਾਸਲ ਕੀਤਾ ਹੈ।