
ਸ਼੍ਰੋਮਣੀ ਅਕਾਲੀ ਦਲ ਨੇ ਆਪ ਦੇ NRI ਫੰਡ ਇਕੱਠੇ ਕਰਨ ਦੇ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੈ ਅੱਜ ਆਮ ਆਦਮੀ ਪਾਰਟੀ ਵੱਲੋਂ ਐਨ ਆਰ ਆਈ ਫੰਡ ਇਕੱਠਾ ਕਰਨ ਦੇ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ ਕਰਦਿਆਂ ਕਿਹਾ ਕਿ ਆਪ ਦੇ ਅਹੁਦੇਦਾਰਾਂ ’ਤੇ ਐਨ ਆਰ ਆਈਜ਼ ਤੋਂ ਇਕੱਤਰ ਕੀਤੇ ਗਏ ਸੌ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਲੱਗੇ ਹਨ ਪਰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ ਤੇ ਉਹਨਾਂ ਇਸ ਘੁਟਾਲੇ ਦੀ ਅੰਦਰੂਨੀ ਜਾਂਚ ਵੀ ਨਹੀਂ ਕਰਵਾਈ।
NK Sharma
ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨ ਕੇ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਨੁੰ ਪੁੱਛਿਆ ਕਿ ਕੀ ਇਹ ਘੁਟਾਲਾ ਉਹਨਾਂ ਦੇ ਦਰ ਤੱਕ ਪੁੱਜਾ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਤੁਹਾਡੀ ਚੁੱਪੀ ਹੈਰਾਨੀ ਭਰੀ ਹੈ। ਉਹਨਾਂ ਕਿਹਾ ਕਿ ਜਾਂ ਤਾਂ ਤੁਸੀਂ ਘੁਟਾਲੇ ਦਾ ਹਿੱਸਾ ਹੋ ਜਾਂ ਫਿਰ ਤੁਸੀਂ ਘੁਟਾਲੇਬਾਜ਼ਾਂ ਨਾਲ ਸਮਝੌਤਾ ਕਰ ਲਿਆ ਹੈ। ਉਹਨਾਂ ਕਿਹਾ ਕਿ ਹੁਣ ਸੱਚਾਈ ਦਾ ਪਤਾ ਤਾਂ ਹੀ ਲੱਗ ਸਕਦਾ ਹੈ ਕਿ ਜੇਕਰ ਮਾਮਲੇ ਦੀ ਨਿਆਂਇਕ ਜਾਂਚ ਹੋਵੇ। ਉਹਨਾਂ ਕਿਹਾ ਕਿ ਜੇਕਰ ਤੁਸੀਂ ਨਿਆਂਇਕ ਜਾਂਚ ਲਈ ਸਹਿਮਤੀ ਨਾ ਦਿੱਤੀ ਤਾਂ ਸਪਸ਼ਟ ਹੋ ਜਾਵੇਗਾ ਕਿ ਤੁਸੀਂ ਐਨ ਆਰ ਆਈਜ਼ ਦੀ ਭਲਾਈ ਦੇ ਨਾਂ ’ਤੇ ਉਹਨਾਂ ਦੀ ਲੁੱਟ ਵਿਚ ਸ਼ਾਮਲ ਹੋ।
Arvind Kejriwal
ਸ਼ਰਮਾ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਆਪਣੀ ਪਾਰਟੀ ਦੇ ਛੋਟੇ ਆਗੂ ਰਾਘਵ ਚੱਢਾ ਨੁੰ ਅਕਾਲੀ ਦਲ ’ਤੇ ਦੋਸ਼ ਲਾਉਣ ਲਈ ਤਾਇਨਾਤ ਕਰਨ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਇਹ ਰਾਤੋ ਰਾਤ ਫੁਰਰ ਹੋ ਜਾਣ ਵਾਲੇ ਆਗੂਆਂ ਵੱਲੋਂ ਲਗਾਏ ਹਰ ਦੋਸ਼ ਨੁੰ ਰੱਦ ਕਰਦੇ ਹਾਂ। ਉਹਨਾਂ ਕਿਹਾ ਕਿ ਉਹ ਆਪ ਮੁਖੀ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਛੇਤੀ ਹੀ ਮੁਆਫੀ ਮੰਗਦੇ ਵੇਖਣਾ ਚਾਹੁੰਦੇ ਹਨ।
Shiromani Akali Dal
ਅਕਾਲੀ ਦਲ ਦੇ ਖ਼ਜ਼ਾਨਚੀ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਇਕ ਪੈਸਾ ਅਕਾਲੀ ਦਲ ਦੇ ਖਾਤੇ ਵਿਚ ਜਮ੍ਹਾਂ ਕੀਤਾ ਗਿਆ ਤੇ ਇਕ ਇਕ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਆਗੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸੰਭਾਵੀ ਉਮੀਦਵਾਰਾਂ ਤੋਂ ਨਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਵੇਖੇ ਗਏ। ਉਹਨਾਂ ਕਿਹਾ ਕਿ ਇਹਨਾਂ ਸੰਭਾਵੀ ਉਮੀਦਵਾਰਾਂ ਨੇ ਹੀ ਪ੍ਰੈਸ ਕਾਨਫਰੰਸਾਂ ਕਰ ਕੇ ਦੱਸਿਆ ਕਿ ਕਿਵੇਂ ਉਹਨਾਂ ਨਾਲ ਲੱਖਾਂ ਦੀ ਠੱਗੀ ਮਾਰੀ ਗਈ।
Sucha Singh Chotepur
ਉਹਨਾਂ ਕਿਹਾ ਕਿ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਆਪ ਦੀ ਕੇਂਦਰੀ ਦੀ ਪੰਜਾਬ ਇੰਚਾਰਜ ਕੇਂਦਰੀ ਟੀਮ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਹਨਾਂ ਕਿਹਾ ਕਿ ਇਹ ਰਿਕਾਡਰ ਦਾ ਹਿੱਸਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਅੰਦਰੂਨੀ ਜਾਂਚ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਸਮਝੀ। ਉਹਨਾਂ ਕਿਹਾ ਕਿ ਹੁਣ ਐਨ ਆਰ ਆਈ ਆ ਕੇ ਦੱਸ ਰਹੇ ਹਨ ਕਿ ਕਿਵੇਂ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਤੇ ਇਹ ਪੈਸਾ ਜੋ ਆਪ ਦੀਆਂ ਸਿਆਸੀ ਸਰਗਰਮੀਆਂ ਲਈ ਸੀ, ਆਪ ਦੇ ਪ੍ਰਮੁੱਖਆਗੂਆਂ ਨੇ ਹੜੱਪ ਲਿਆ।
Aam Aadmi Party
ਅਕਾਲੀ ਆਗੂ ਨੇ ਕਿਹਾ ਕਿ ਆਪ ਵਿਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਆਪ ਦੇ ਮੰਤਰੀ ਕਪਿਲ ਮਿਸ਼ਰਾ ਦੀ ਉਦਾਹਰਣ ਹੈ ਜਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਆਪ ਦੇ ਇਕ ਹੋਰ ਮੰਤਰੀ ਨੂੰ ਕੇਜਰੀਵਾਲ ਨੂੰ ਇਕ ਜ਼ਮੀਨ ਸੌਦੇ ਦੇ ਮਾਮਲੇ ਵਿਚ ਦੋ ਕਰੋੜ ਰੁਪਏ ਦਿੰਦਿਆਂ ਵੇਖਿਆ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਜਰੀਵਾਲ ਸਰਕਾਰ ’ਤੇ ਦਿੱਲੀ ਜਲ ਬੋਰਡ ਨੂੰ ਦਿੱਤੇ ਗਏ 41000 ਕਰੋੜ ਰੁਪੲੈ ਦੇ ਕਰਜ਼ੇ ਵਿਚੋਂ 26000 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਦੋਸ਼ ਲੱਗੇ ਸਨ। ਉਹਨਾਂ ਕਿਹਾ ਕਿ ਰਾਘਵ ਚੱਢਾ ਇਸ ਘੁਟਾਲੇ ਤੇ ਹੋਰਨਾਂ ਬਾਰੇ ਦੱਸਣ।
Raghav Chadha
ਰਾਘਵ ਚੱਢਾ ਨੂੰ ਪਹਿਲਾਂ ਦਿੱਲੀ ਜਾ ਕੇ ਪਾਰਟੀ ਵੱਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਆਖਦਿਆਂ ਸ਼ਰਮਾ ਨੇ ਕਿਹਾ ਕਿ ਆਪ ਨੇ ਦਿੱਲੀ ਵਿਚ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਦਿੱਲੀ ਰੋਜ਼ਗਾਰ ਐਕਸਚੇਂਜ ਤੋਂ ਆਰ ਟੀ ਆਈ ਰਾਹੀਂ ਮਿਲੀ ਇਕ ਸੁਚਲਾ ਵਿਚ ਦੱਸਿਆ ਗਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਿਰਫ 214 ਲੋਕਾਂ ਨੂੰ ਨੌਕਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪੰਜਾਬੀਆਂ ਨੁੰ ਮੁੜ ਮੂਰਖ ਬਣਾਉਣ ਤੋਂ ਪਹਿਲਾਂ ਉਹ ਆਪਣੀ ਭਲੀ ਨਿਬੇੜਨ। ਉਹਨਾਂ ਕਿਹਾ ਕਿ ਪੰਜਾਬੀ ਹੁਣ ਇਸ ਪਾਰਟੀ ਦੇ ਪ੍ਰਭਾਵ ਹੇਠ ਕਦੇ ਨਹੀਂ ਆਉਣਗੇ।