
ਆਮ ਆਦਮੀ ਪਾਰਟੀ ਪਾ ਰਹੀ ਕਾਂਗਰਸ ਦੇ ਚੋਣ ਪ੍ਰਚਾਰ ’ਚ ਵਿਘਨ
ਸੰਗਰੂਰ: ਬੀਤੇ ਕੱਲ੍ਹ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ ’ਤੇ ਕਾਂਗਰਸ ਦੀ ਲੀਡਰ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿਤਾ ਹੈ। ਬੀਬੀ ਭੱਠਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣੀ ਹਾਰ ਵੇਖ ਕੇ ਬੌਖ਼ਲਾ ਗਈ ਹੈ, ਜਿਸ ਕਰਕੇ ਕਿਸੇ ਨਾ ਕਿਸੇ ਨੂੰ ਭੇਜ ਕੇ ਕਾਂਗਰਸ ਦੇ ਪ੍ਰਚਾਰ ਸਮਾਗਮਾਂ ਵਿਚ ਵਿਘਨ ਪਾਇਆ ਜਾ ਰਿਹਾ ਹੈ। ਬੀਬੀ ਭੱਠਲ ਮੁਤਾਬਕ ਨੌਜਵਾਨ ਕੋਲੋਂ ਖੜ੍ਹਾ ਵੀ ਨਹੀਂ ਹੋਇਆ ਜਾ ਰਿਹਾ ਸੀ ਤੇ ਉਹ ਵਾਰ-ਵਾਰ ਉਕਤ ਨੌਜਵਾਨ ਨੂੰ ਸਮਝਾ ਰਹੇ ਸਨ ਪਰ ਇਸ ਦੇ ਬਾਵਜੂਦ ਉਹ ਜਾਣ ਬੁੱਝ ਕੇ ਹੰਗਾਮਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
Rajinder Kaur Bhattal
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਯਾਨੀ ਐਤਵਾਰ ਨੂੰ ਬੀਬੀ ਰਾਜਿੰਦਰ ਕੌਰ ਭੱਠਲ ਅਪਣੇ ਜੱਦੀ ਹਲਕੇ ਲਹਿਰਾਗਾਗਾ ਵਿਖੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਉਹ ਬੁਸ਼ਹਿਰਾ ਪਿੰਡ ਵਿਚ ਪਹੁੰਚੇ ਤਾਂ ਇਕ ਨੌਜਵਾਨ ਨੇ ਚੋਣ ਸਭਾ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਬੀਬੀ ਭੱਠਲ ਭੜਕ ਗਏ ਤੇ ਨੌਜਵਾਨ ਦੇ ਥੱਪੜ ਮਾਰ ਦਿਤਾ। ਬੀਬੀ ਭੱਠਲ ਵਲੋਂ ਨੌਜਵਾਨ ਨੂੰ ਥੱਪੜ ਮਾਰਨ ਤੋਂ ਬਾਅਦ ਵੱਖ-ਵੱਖ ਆਗੂਆਂ ਵਲੋਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿਤਾ ਜਾ ਰਿਹਾ ਹੈ।
Rajinder Kaur Bhattal Slaps a youth
ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸੂਬੇ ਵਿਚ ਜਿੱਥੇ ਇਕ ਪਾਸੇ ਸਿਆਸਤ ਕਾਫ਼ੀ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ, ਉੱਥੇ ਹੀ ਸੂਬੇ ਦੀ ਆਮ ਜਨਤਾ ਵਲੋਂ ਵੀ ਚੋਣ ਪ੍ਰਚਾਰ ਕਰਨ ਆ ਰਹੇ ਲੀਡਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲੈਣ ਦਾ ਸਿਲਸਿਲਾ ਜਾਰੀ ਹੈ। ਲੋਕ ਅਪਣੇ ਸਵਾਲਾਂ ਦਾ ਸੰਤੁਸ਼ਟੀਜਨਕ ਜਵਾਬ ਮੰਗ ਰਹੇ ਹਨ। ਖ਼ੈਰ ਇਸ ਸਮੇਂ ਜਵਾਬ ਸੂਬੇ ਦੇ ਲੋਕ ਮੰਗ ਰਹੇ ਹਨ ਪਰ ਅਸਲ ਜਵਾਬ ਸੂਬੇ ਦੀ ਜਨਤਾ 19 ਤਰੀਕ ਨੂੰ ਦਵੇਗੀ।
Lok sabha Election 2019
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕਸਭਾ ਸੀਟ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਚੋਣ ਲੜ ਰਹੇ ਹਨ, ਕਾਂਗਰਸ ਵਲੋਂ ਕੇਵਲ ਸਿੰਘ ਢਿੱਲੋਂ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਮਿੰਦਰ ਸਿੰਘ ਢੀਂਡਸਾ ਚੋਣ ਮੈਦਾਨ ਵਿਚ ਹਨ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕਿਹੜੀ ਪਾਰਟੀ ਜਿੱਤ ਦੀ ਝੰਡੀ ਲੈ ਕੇ ਉੱਭਰ ਕੇ ਸਾਹਮਣੇ ਆਉਂਦੀ ਹੈ।