
ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਮਾਮਲੇ ਵਿਚ ਕਾਂਗਰਸ..............
ਸ੍ਰੀ ਮੁਕਤਸਰ ਸਾਹਿਬ-ਦੋਦਾ : ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਮਾਮਲੇ ਵਿਚ ਕਾਂਗਰਸ, 'ਆਪ' ਆਗੂ ਸੁਖਪਾਲ ਸਿੰਘ ਖਹਿਰਾ, ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ, ਖਹਿਰਾ, ਦਾਦੂਵਾਲ ਤੇ ਮੰਡ ਨੇ ਇਕੱਠੇ ਹੋ ਕੇ ਸਾਜ਼ਸ਼ ਰਚੀ ਹੈ ਜਿਸ ਤਹਿਤ ਬੇਅਦਬੀ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਗੋਲੀ ਚਲਵਾਉਣ ਦੇ ਦੋਸ਼ ਲਾਏ ਗਏ ਹਨ।
ਪਿੰਡ ਭੁੱਲਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਬਾਦਲ ਸਾਹਿਬ ਦੀ ਸੋਚ, ਈਮਾਨਦਾਰੀ ਤੇ ਕੰਮ ਕਰਨ ਦੇ ਢੰਗ ਨੂੰ ਬਾਖ਼ੂਬੀ ਜਾਣਦਾ ਹੈ। ਉਨ੍ਹਾਂ ਕਿਹਾ, 'ਬਾਦਲ ਸਾਹਿਬ ਨੇ ਤਾਂ ਕਦੇ ਕੀੜੀ ਨੂੰ ਵੀ ਨਹੀਂ ਮਾਰਿਆ। ਉਹ ਤਾਂ ਦੁਸ਼ਮਣ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਹਨ ਪਰ ਉਨ੍ਹਾਂ ਵਿਰੁਧ ਇਨਸਾਨਾਂ 'ਤੇ ਗੋਲੀ ਚਲਵਾਉਣ ਦਾ ਝੂਠ ਤੇ ਫ਼ਰੇਬ ਭਰਿਆ ਇਲਜ਼ਾਮ ਲਾਇਆ ਜਾ ਰਿਹਾ ਹੈ।'
ਦਾਦੂਵਾਲ ਨੂੰ ਚੋਰ ਕਹਿੰਦਿਆ ਸੁਖਬੀਰ ਨੇ ਕਿਹਾ ਕਿ ਉਸ ਦੇ ਖਾਤੇ ਵਿਚ 16 ਕਰੋੜ ਰੁਪਏ ਜਮ੍ਹਾਂ ਹੋਏ ਸਨ, ਉਹ ਕਿਥੋਂ ਆਏ, ਕਿਸੇ ਨੂੰ ਨਹੀਂ ਪਤਾ ਜਦਕਿ ਮੰਡ ਦਾ ਭਰਾ ਅਤਿਵਾਦੀ ਸੀ, ਕੀ ਅਜਿਹੇ ਲੋਕ ਅੱਜ ਸਿੱਖ ਕੌਮ ਦੀ ਅਗਵਾਈ ਕਰਨਗੇ? ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਦੋ ਕੌੜੀ ਦਾ ਜਾਖੜ ਕਹਿੰਦਾ ਹੈ ਕਿ ਪਿੰਡਾਂ ਵਿਚ ਅਕਾਲੀਆਂ ਨੂੰ ਨਹੀਂ ਵੜਨ ਦੇਣਾ ਪਰ ਅਕਾਲੀ ਦਲ 9 ਸਤੰਬਰ ਨੂੰ ਉਸ ਦੇ ਹਲਕੇ ਵਿਚ ਵੱਡੀ ਰੈਲੀ ਕਰਨ ਜਾ ਰਿਹਾ ਹੈ।
ਉਨ੍ਹਾਂ ਕਿਹਾ, 'ਸੱਤਾ ਦੇ ਨਸ਼ੇ ਵਿੱਚ ਚੂਰ ਕਾਂਗਰਸੀ ਨੇਤਾ ਇਹ ਸੋਚ ਰਹੇ ਹਨ ਕਿ ਪੁਲਿਸ ਉਨ੍ਹਾਂ ਦੇ ਹੱਥਾਂ ਵਿਚ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਜ ਜਿਹੜੇ ਥਾਣੇਦਾਰ ਉਨ੍ਹਾਂ ਨੂੰ ਸਲੂਟ ਮਾਰਦੇ ਹਨ, 3 ਸਾਲਾਂ ਬਾਅਦ ਉਹੀ ਥਾਣੇਦਾਰ ਇਨ੍ਹਾਂ ਕਾਂਗਰਸੀਆਂ ਨੂੰ ਘਸੀਟਣਗੇ।' ਪਿੰਡਾਂ ਵਿਚ ਕੀਤੇ ਵਿਕਾਸ ਕਾਰਜ ਗਿਣਾਉੁਂਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਲੋਕਾਂ ਦਾ ਰਾਜ ਹੁੰਦਾ ਸੀ ਪਰ ਕਾਂਗਰਸ ਨੇ ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਕੀਤਾ ਤੇ ਚੋਣਾਂ ਜਿੱਤ ਲਈਆਂ।
ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਬਲਾਕ ਸ੍ਰੀ ਮੁਕਤਸਰ ਸਾਹਿਬ ਦੀਆਂ 13 ਦੀਆਂ 13 ਸੀਟਾਂ ਜਿੱਤਣ ਦੀ ਹੱਲਾਸ਼ੇਰੀ ਦਿੰਦਿਆ ਸੁਖਬੀਰ ਬਾਦਲ ਨੇ ਕਿਹਾ, 'ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ, ਡਟ ਕੇ ਚੋਣਾਂ ਲੜੋ, ਮੈਂ ਤੁਹਾਡੇ ਪਿੱਛੇ ਖੜਾ ਹਾਂ।' ਉਨ੍ਹਾਂ ਬਾਦਲ ਪਵਾਰ ਦਾ ਇਸ ਹਲਕੇ ਨਾਲ ਖਾਸ ਮੋਹ ਹੋਣ ਦੀ ਗੱਲ ਦੁਹਰਾਉਂਦਿਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਹੂੰਝਾ-ਫੇਰ ਜਿੱਤ ਪ੍ਰਾਪਤੀ ਦੀ ਗੱਲ ਕਹੀ। ਉਨ੍ਹਾਂ ਗੁਰਲਾਲ ਸਿੰਘ ਭੁੱਲਰ ਦੇ ਪੁੱਤਰ ਜਗਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਉਮੀਦਵਾਰ ਐਲਾਨਿਆ।
ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਨਵਤੇਜ ਸਿੰਘ ਕੌਣੀ, ਮਨਜਿੰਦਰ ਸਿੰਘ ਬਿੱਟੂ, ਹਰਪਾਲ ਸਿੰਘ ਬੇਦੀ ਪ੍ਰਧਾਨ ਨਗਰ ਕੌਂਸਲ, ਗੁਰਵੀਰ ਸਿੰਘ ਕਾਕੂ ਸੀਰਵਾਲੀ, ਪਰਮਿੰਦਰ ਸਿੰਘ ਪਾਸ਼ਾ ਆਦਿ ਤੋਂ ਇਲਾਵਾ ਅਕਾਲੀ ਵਰਕਰ ਮੌਜੂਦ ਸਨ।