
ਕੈਨੇਡਾ ਦੇ ਓਂਟਾਰੀਓ 'ਚ ਬੀਤੇ ਦਿਨ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਦਿਆਰਥੀਆਂ 'ਚੋਂ ਇਕ ਜਲੰਧਰ...
ਜਲੰਧਰ: ਕੈਨੇਡਾ ਦੇ ਓਂਟਾਰੀਓ 'ਚ ਬੀਤੇ ਦਿਨ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਦਿਆਰਥੀਆਂ 'ਚੋਂ ਇਕ ਜਲੰਧਰ ਦਾ ਤਨਵੀਰ ਸਿੰਘ ਵੀ ਸ਼ਾਮਲ ਸੀ। ਤਨਵੀਰ ਦੇ ਘਰ ਮਾਤਮ ਛਾਇਆ ਹੋਇਆ ਹੈ। ਤਨਵੀਰ ਜਲੰਧਰ ਦੇ ਮਾਡਲ ਹਾਊਸ ਦੀ ਬੈਂਕ ਕਾਲੋਨੀ 'ਚ ਰਹਿੰਦੇ ਕਾਰੋਬਾਰੀ ਭੁਪਿੰਦਰ ਸਿੰਘ ਘੁੰਮਣ ਉਰਫ ਲਾਲੀ ਘੁੰਮਣ ਦਾ ਬੇਟਾ ਸੀ। ਤਨਵੀਰ ਅਪ੍ਰੈਲ ਦੇ ਮਹੀਨੇ ਸੈਂਟ ਕਲੇਅਰ ਕਾਲਜ 'ਚ ਦਾਖਲਾ ਲੈ ਕੇ ਕੈਨੇਡਾ ਲਈ ਰਵਾਨਾ ਹੋਇਆ ਸੀ। ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਿਤਾ ਭੁਪਿੰਦਰ ਸਿੰਘ ਅਤੇ ਮਾਂ ਹਰਜੋਤ ਦਾ ਰੋ-ਰੋ ਕੇ ਬੁਰਾ ਹਾਲ ਹੈ।
Accident Case
ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਪ੍ਰੈਲ 'ਚ ਵਿਸਾਖੀ ਵਾਲੇ ਦਿਨ ਉਨ੍ਹਾਂ ਦਾ 18 ਸਾਲਾ ਬੇਟਾ ਤਨਵੀਰ ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਤੋਂ ਇਕ ਪੁਲਿਸ ਮੁਲਾਜ਼ਮ ਨੇ ਫੋਨ ਕਰਕੇ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖ਼ਬਰ ਨੂੰ ਸੁਣ ਕੇ ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਨਾ ਹੋਇਆ। ਉਨ੍ਹਾਂ ਦੱਸਿਆ ਕਿ ਤਨਵੀਰ ਅਤੇ ਉਸ ਦੇ ਦੋਸਤ ਕੰਮ ਲਈ ਪੈਟਰਾਲੀਆ ਗਏ ਸਨ, ਉਥੋਂ ਉਹ ਵਾਪਸੀ ਕਾਲਜ ਆ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਤਨਵੀਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਧਾਰਮਿਕ ਸੰਗਠਨ ਅਤੇ ਕਾਲਜ ਵੱਲੋਂ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
Accident Case
ਭੁਪਿੰਦਰ ਮਾਡਲ ਹਾਊਸ 'ਚ ਜੁੱਤੀਆਂ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਟੀਰੀਅਲ ਦਾ ਕੰਮ ਕਰਦੇ ਹਨ। ਉਹ ਸ਼ਹੀਦ ਊਧਮ ਸਿੰਘ ਕਲੱਬ ਦੇ ਮੈਂਬਰ ਵੀ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਸਾਰਨੀਆ 'ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਗਿਆ ਸੀ, ਜਿਸ 'ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਅਤੇ ਹੋਰ ਦੋ ਜ਼ਖਮੀ ਸਨ। ਮ੍ਰਿਤਕਾਂ 'ਚ ਦੋ ਲੜਕੇ ਅਤੇ ਇਕ ਲੜਕੀ ਸ਼ਾਮਲ ਹੈ ਅਤੇ ਇਨ੍ਹਾਂ ਤਿੰਨਾਂ ਦੀ ਉਮਰ 20 ਸਾਲ ਦੇ ਕਰੀਬ ਹੈ।
Accident Case
ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਦੇ ਰੂਪ 'ਚ ਹੋਈ। ਮਰਨ ਵਾਲੇ ਦੋਵੇਂ ਨੌਜਵਾਨ ਤਨਵੀਰ ਸਿੰਘ ਅਤੇ ਗੁਰਵਿੰਦਰ ਸਿੰਘ ਜ਼ਿਲਾ ਜਲੰਧਰ ਦੇ ਰਹਿਣ ਵਾਲੇ ਸਨ। ਇਕ ਜ਼ਖਮੀ ਨੌਜਵਾਨ ਦੀ ਪਛਾਣ ਜੋਵਨ ਵਜੋਂ ਕੀਤੀ ਗਈ ਸੀ ਜਦਕਿ ਦੂਜੇ ਜ਼ਖਮੀ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ। ਦੱਸਿਆ ਜਾ ਰਿਹਾ ਹੈ ਕਿ ਕਾਰ ਸੜਕ 'ਤੇ ਉਲਟਬਾਜ਼ੀਆਂ ਖਾਂਦੀ ਹੋਈ ਡਿੱਗੀ। ਕਾਰ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਇਹ ਸਾਰੇ ਵਿੰਡਸਰ ਦੇ ਸੈਂਟ ਕਲੇਅਰ ਕਾਲਜ 'ਚ ਪੜ੍ਹਾਈ ਕਰਦੇ ਸਨ।