
ਕਿਸਾਨੀ ਸੰਘਰਸ਼ ਦਾ ਅਸਰ : ਬਦਲਣ ਲੱਗੇ ਭਾਜਪਾ ਆਗੂਆਂ ਦੇ ਤੇਵਰ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨੀ ਧਿਰਾਂ ਦੀ ਮਿਹਨਤ ਨੂੰ ਫ਼ਲ ਪੈਣਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਕਿਸਾਨਾਂ ਦੇ ਚੱਕਾ ਜਾਮ ਨੂੰ ਮਿਲੀ ਅਪਾਰ ਸਫ਼ਲਤਾ ਤੋਂ ਬਾਅਦ ਕੇਂਦਰ ਦੇ ਤੇਵਰ ਢਿੱਲੇ ਪੈਣ ਲੱਗੇ ਹਨ। ਰੇਲਵੇ ਵਲੋਂ ਰੇਲਾਂ ਮੁੜ ਚਲਾਉਣ ਲਈ ਸਰਗਰਮੀ ਵਿਖਾਈ ਜਾ ਰਹੀ ਹੈ। ਭਾਜਪਾ ਦੇ ਪੰਜਾਬ ਨਾਲ ਸਬੰਧਤ ਆਗੂ ਵੀ ਹੁਣ ਹਾਈ ਕਮਾਡ ਨੂੰ ਕਿਸਾਨਾਂ ਦੀ ਗੱਲ ਸੁਣਨ ਦੀਆਂ ਨਸੀਹਤਾਂ ਦੇਣ ਲੱਗੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਟੀ.ਵੀ. ਚੈਨਲਾਂ 'ਤੇ ਹੁੰਦੀਆਂ ਬਹਿਸ਼ਾਂ 'ਚ ਵੀ ਭਾਜਪਾ ਆਗੂਆਂ ਦੀ ਆਵਾਜ਼ ਮੱਠੀ ਪਈ ਹੈ।
protest
ਰੇਲ ਮੰਤਰੀ ਵਲੋਂ ਪੰਜਾਬ ਨਾਲ ਸਬੰਧਤ ਸੰਸਦ ਮੈਂਬਰਾਂ ਨੂੰ ਤੇਵਰ ਵਿਖਾਉਣ ਦੇ ਨਾਲ-ਨਾਲ ਸੀਨੀਅਰ ਆਗੂ ਸਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਠਰੰਮੇ ਨਾਲ ਸੁਣਨ ਨੂੰ ਵੀ ਕਿਸਾਨੀ ਸੰਘਰਸ਼ ਦੇ ਅਸਰ ਵਜੋਂ ਵੇਖਿਆ ਜਾ ਰਿਹਾ ਹੈ। ਸ਼ਾਮ ਪੈਂਦੇ ਪੈਂਦੇ ਜਿੱਥੇ ਰੇਲ ਮੰਤਰੀ ਦੇ ਵਤੀਰੇ ਵਿਚ ਬਦਲਾਅ ਵੇਖਣ ਨੂੰ ਮਿਲਿਆ ਉਥੇ ਹੀ ਰੇਲਵੇ ਨੇ ਵੀ ਪੰਜਾਬ 'ਚ ਰੇਲਾਂ ਚਲਾਉਣ ਸਬੰਧੀ ਸਰਗਰਮੀ ਵਧਾ ਦਿਤੀ ਸੀ।
Farmers Protest
ਇਸੇ ਦੌਰਾਨ ਪੰਜਾਬ ਨਾਲ ਸਬੰਧਤ ਭਾਜਪਾ ਦੇ ਸੀਨੀਅਰ ਆਗੂ ਵੀ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵੰਡੇ ਹੋਏ ਵਿਖਾਈ ਦੇ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਆਪਣੀ ਹੀ ਸਰਕਾਰ ਦੇ ਵਤੀਰੇ 'ਤੇ ਸਵਾਲ ਉਠਾਉਂਦਿਆਂ ਕਿਸਾਨਾਂ ਦੀ ਗੱਲ ਸੁਣਨ ਦੀ ਨਸੀਹਤ ਦਿਤੀ ਹੈ। ਪੰਜਾਬ ਦੀਆਂ ਅਸਲ ਹਕੀਕਤਾਂ ਦੇ ਉਲਟ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਖੇਤੀ ਕਾਨੂੰਨਾਂ ਦਾ ਗੁਣਗਾਣ ਕਰਨ ਵਾਲੇ ਆਗੂਆਂ ਨੂੰ ਸ਼ੀਸ਼ਾ ਵਿਖਾਉਂਦਿਆਂ ਉਨ੍ਹਾਂ ਕਿਹਾ ਕਿ ਚਾਪਲੂਸ ਕਿਸਮ ਦੇ ਲੋਕਾਂ ਦਾ ਵਤੀਰਾ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨੰਬਰ ਬਣਾਉਣ ਲਈ ਹੀ ਕਿਸੇ ਦੀ ਸਿਫ਼ਤ ਕਰੀ ਜਾਣਾ ਸਹੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਤੁਹਾਡਾ ਅਸਲੀ ਦੋਸਤ ਉਹੀ ਹੁੰਦਾ ਹੈ ਜੋ ਤੁਹਾਡੀਆਂ ਗ਼ਲਤੀਆਂ ਕੱਢੇ, ਜਦਕਿ ਤੁਹਾਡੀ ਗ਼ਲਤੀਆਂ 'ਤੇ ਪਰਦਾ ਪਾ ਕੇ ਸਿਫ਼ਤਾਂ ਕਰਨ ਵਾਲੇ ਦੁਸ਼ਮਣ ਤੋਂ ਘੱਟ ਨਹੀਂ ਹੁੰਦਾ।
protest
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਦੇਸ਼ ਭਰ 'ਚ 12 ਤੋਂ 4 ਵਜੇ ਤਕ ਹੋਏ ਇਸ ਚੱਕਾ ਜਾਮ 'ਚ ਕਰੀਬ ਢਾਈ ਹਜ਼ਾਰ ਥਾਵਾਂ 'ਤੇ ਪੰਜ ਲੱਖ ਤੋਂ ਵਧੇਰੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ। ਭਾਵੇਂ ਚੱਕਾ ਜਾਮ ਦਾ ਜ਼ਿਆਦਾ ਜ਼ੋਰ ਪੰਜਾਬ ਅਤੇ ਹਰਿਆਣਾ ਅੰਦਰ ਹੀ ਵੇਖਣ ਨੂੰ ਮਿਲਿਆ ਪਰ ਦੇਸ਼ ਦੇ 18 ਤੋਂ ਵਧੇਰੇ ਸੂਬਿਆਂ 'ਚ ਵੱਡੀ ਗਿਣਤੀ ਲੋਕਾਂ ਦੀ ਚੱਕਾ ਜਾਮ ਸ਼ਮੂਲੀਅਤ ਨੇ ਕਿਸਾਨੀ ਸੰਘਰਸ਼ ਦੇ ਦੇਸ਼ ਵਿਆਪੀ ਹੋਣ 'ਤੇ ਮੋਹਰ ਲਾ ਦਿਤੀ ਹੈ। ਕਿਸਾਨਾਂ ਨੇ ਤਾਮਿਲਨਾਡੂ ਤੋਂ ਪੰਜਾਬ ਤਕ, ਅਸਾਮ ਤੋਂ ਗੁਜਰਾਤ ਤਕ, ਸਭ ਥਾਈ ਚੱਕਾ ਜਾਮ 'ਚ ਹਿੱਸਾ ਲੈਂਦਿਆਂ ਕੇਂਦਰ ਸਰਕਾਰ ਨੂੰ ਸਖ਼ਤ ਸੁਨੇਹਾ ਦਿਤਾ ਹੈ।
Kisan Union
ਸੂਤਰਾਂ ਮੁਤਾਬਕ ਕਿਸਾਨਾਂ ਦੇ ਇਸ ਐਕਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਚੱਕਾ ਜਾਮ ਦੀ ਸਫ਼ਲਤਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਕਿਸਾਨ ਜਥੇਬੰਦੀਆਂ ਨੇ ਅਗਲੇਰੇ ਕਦਮਾਂ ਤਹਿਤ 26 ਅਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਵੀ ਦਿੱਲੀ ਦੇ ਜੰਤਰ ਮੰਤਰ ਵਿਖੇ ਲੜੀਵਾਰ ਧਰਨੇ ਦੇਣ ਦੀ ਗੱਲ ਕਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਾਰਟੀ ਆਗੂਆਂ ਨੂੰ ਕਿਸਾਨਾਂ ਦੇ ਹੱਕ 'ਚ ਡਟਣ ਦਾ ਸੱਦਾ ਦਿਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਦਿੱਲੀ ਵੱਲ ਕੂਚ ਪ੍ਰੋਗਰਾਮ ਦਾ ਪੂਰਨ ਸਮਰਥਨ ਕੀਤਾ ਹੈ। ਬਾਕੀ ਧਿਰਾਂ ਪਹਿਲਾਂ ਹੀ ਕਿਸਾਨਾਂ ਦੇ ਹੱਕ 'ਚ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕਰ ਚੁੱਕੀਆਂ ਹਨ।
Farmer Protest
ਖ਼ਬਰਾਂ ਮੁਤਾਬਕ ਕਿਸਾਨਾਂ ਨੇ ਰੇਲਵੇ ਟਰੈਕਾਂ ਨੂੰ ਖ਼ਾਲੀ ਕਰ ਦਿਤਾ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਕਿਸਾਨ ਅਪਣਾ ਸੁਨੇਹਾ ਕੇਂਦਰ ਤਕ ਪਹੁੰਚਾਉਣ 'ਚ ਸਫ਼ਲ ਹੋਏ ਹਨ। ਰੇਲਵੇ ਟਰੈਕ ਖ਼ਾਲੀ ਕਰ ਕੇ ਜਿੱਥੇ ਕਿਸਾਨਾਂ ਨੇ ਵੱਡੇ ਦਿਲ ਦਾ ਸਬੂਤ ਦਿਤਾ ਹੈ, ਉਥੇ ਹੀ ਰੇਲਾਂ ਰੋਕਣ ਦੇ ਕਦਮ ਨਾਲ ਕੇਂਦਰ ਦੀ ਵੱਡੀ ਕਿਰਕਿਰੀ ਹੋਈ ਹੈ। ਰੇਲਵੇ ਦੇ ਇਸ ਕਦਮ ਨੂੰ ਪੰਜਾਬ ਨਾਲ ਪੱਖਪਾਤ ਵਜੋਂ ਵੇਖਿਆ ਜਾ ਰਿਹਾ ਹੈ। ਰੇਲਵੇ ਟਰੈਕਾਂ 'ਤੇ ਸੰਘਰਸ਼ ਦੌਰਾਨ ਰੇਲਵੇ ਸੰਪਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਣਾ ਵੀ ਕਿਸਾਨਾਂ ਦੇ ਹੱਕ 'ਚ ਜਾ ਰਿਹਾ ਹੈ। ਸਿਆਸੀ ਧਿਰਾਂ ਤੋਂ ਦੂਰੀ ਬਣਾ ਕੇ ਵਿਚਰਨ ਦੀ ਨੀਤੀ ਨੇ ਕਿਸਾਨੀ ਸੰਘਰਸ਼ ਨੂੰ ਵਿਲੱਖਣ ਰੰਗਤ ਦਿਤੀ ਹੈ, ਜੋ ਕਿਸਾਨੀ ਸੰਘਰਸ਼ ਦੀ ਲਗਾਤਾਰਤਾ ਲਈ ਸੰਜੀਵਨੀ ਦਾ ਕੰਮ ਕਰ ਰਹੀ ਹੈ।