
ਬੀਤੇ ਦਿਨ ਨੌਵੀਂ ਜਮਾਤ ਦੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਬੱਚੀ ਦੇ ਪਰਵਾਰ ਨੇ ਸਕੂਲ ਅਧਿਆਪਕ ‘ਤੇ ਦੋਸ਼ ਲਗਾਉਂਦੇ...
ਜਲੰਧਰ : ਬੀਤੇ ਦਿਨ ਨੌਵੀਂ ਜਮਾਤ ਦੀ ਵਿਦਿਆਰਥਣ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਬੱਚੀ ਦੇ ਪਰਵਾਰ ਨੇ ਸਕੂਲ ਅਧਿਆਪਕ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸਖ਼ਤ ਵਤੀਰੇ ਦੇ ਕਾਰਨ ਸਾਡੀ ਬੇਟੀ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੈ। ਅਧਿਆਪਕ ਨੂੰ ਪੁਲਿਸ ਵਲੋਂ ਭਾਵੇਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪੁਲਿਸ ਅਜੇ ਮੌਤ ਦਾ ਕਾਰਨ ਸਪੱਸ਼ਟ ਨਹੀਂ ਕਰ ਸਕੀ ਹੈ।
ਮ੍ਰਿਤਕਾ ਦੇ ਪਿਤਾ ਰਾਜੇਸ਼ ਮਹਿਤਾ ਨੇ ਦੱਸਿਆ ਕਿ ਬੁੱਧਵਾਰ ਦੀ ਸਵੇਰੇ ਜਦੋਂ ਉਨ੍ਹਾਂ ਦੀ ਬੇਟੀ ਅਪਣੇ ਕਮਰੇ ਵਿਚੋਂ ਦੇਰ ਤੱਕ ਬਾਹਰ ਨਹੀਂ ਆਈ ਤਾਂ ਉਹ ਖ਼ੁਦ ਉਸ ਦੇ ਕਮਰੇ ਵਿਚ ਗਏ। ਜਦੋਂ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਸ ਦੇ ਬੈੱਡ ‘ਤੇ ਸੁਸਾਇਡ ਨੋਟ ਪਿਆ ਸੀ। ਉਨ੍ਹਾਂ ਦੱਸਿਆ ਕਿ ਸੁਸਾਇਡ ਨੋਟ ਵਿਚ ਸਾਡੇ ਲਈ ਲਿਖਿਆ ਸੀ ਕਿ ਉਹ ਇਸ ਅਧਿਆਪਕ ਨੂੰ ਜਦੋਂ ਤੱਕ ਸਜ਼ਾ ਨਹੀਂ ਦਿਵਾਉਣਗੇ ਉਦੋਂ ਤੱਕ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ।
ਪੁਲਿਸ ਦੇ ਮੁਤਾਬਕ ਥਾਣਾ ਰਾਮਾ ਮੰਡੀ ਵਿਚ ਪੁਲਿਸ ਨੇ ਅਧਿਆਪਕ ਨਰੇਸ਼ ਕਪੂਰ ਨੂੰ ਐਫ਼ਆਈਆਰ ਨੰਬਰ 34 ਦੇ ਤਹਿਤ ਆਈਪੀਸੀ ਦੀ ਧਾਰਾ 306 ਦੇ ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਰਾਮਾ ਮੰਡੀ ਐਸਐਚਓ ਜੀਵਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਸੀ ਅਤੇ ਮੌਤ ਦੀ ਅਸਲੀ ਵਜ੍ਹਾ ਰਿਪੋਰਟ ਆਉਣ ‘ਤੇ ਹੀ ਪਤਾ ਲੱਗੇਗੀ।
ਪੁਲਿਸ ਮੁਤਾਬਕ ਪਰਵਾਰ ਨੂੰ ਮ੍ਰਿਤਕ ਦੀ ਲਾਸ਼ ਦੇ ਕੋਲੋਂ ਮਿਲੇ ਸੁਸਾਇਡ ਨੋਟ ਵਿਚ ਉਸ ਨੇ ਮੌਤ ਦਾ ਕਾਰਨ ਦੱਸਦੇ ਹੋਏ ਅਧਿਆਪਕ ਨਰੇਸ਼ ਕਪੂਰ ਵਲੋਂ ਉਸ ਦੇ ਵਿਰੁਧ ਗ਼ਲਤ ਟਿੱਪਣੀਆਂ ਕਰਨ ਨੂੰ ਦੱਸਿਆ ਹੈ। ਉਹ ਬੱਚਿਆਂ ਨੂੰ ਡਰਾਉਂਦਾ ਹੈ ਅਤੇ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕਰਦਾ ਹੈ। ਇਸ ਡਰ ਵਿਚੋਂ ਨਿਕਲਣ ਦਾ ਹੋਰ ਕੋਈ ਰਾਹ ਨਾ ਦੇਖਦੇ ਹੋਏ ਮੈਂ ਖ਼ੁਦਕੁਸ਼ੀ ਕਰਨ ਦਾ ਹੀ ਫ਼ੈਸਲਾ ਕੀਤਾ।
ਜਿਸ ਨੋਟ ਦੇ ਲਾਸ਼ ਕੋਲੋ ਮਿਲਣ ਦਾ ਪਰਿਵਾਰ ਨੇ ਦਾਅਵਾ ਕੀਤਾ ਹੈ ਉਸ ਵਿਚ ਇਹ ਵੀ ਲਿਖਿਆ ਗਿਆ ਹੈ, 'ਉਹ ਬੱਚਿਆਂ ਨੂੰ ਵੀ ਡਰਾਉਂਦਾ ਹੈ ਤੇ ਬੱਚਿਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਹੈ'। ਮ੍ਰਿਤਕਾ ਨੇ ਅਪਣੀਆਂ ਦੋ ਇਛਾਵਾਂ ਦਾ ਜ਼ਿਕਰ ਕਰਦਿਆਂ ਨੋਟ ਵਿਚ ਲਿਖਿਆ ਸੀ ਕਿ ਉਹ ਨਵਾਂ ਮੋਬਾਇਲ ਅਤੇ ਨਵੀਂ ਐਕਟਿਵਾ ਲੈਣਾ ਚਾਹੁੰਦੀ ਸੀ। ਨੋਟ ਵਿਚ ਮ੍ਰਿਤਕਾ ਨੇ ਅਪਣੇ ਮਾਤਾ-ਪਿਤਾ ਅਤੇ ਛੋਟੀ ਭੈਣ ਨੂੰ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਰੋਣ ਨਾ।
ਨੋਟ ਦੇ ਅਖੀਰ ਵਿਚ ਪੈਨਸਲ ਦੇ ਨਾਲ ਰੋਣ ਵਰਗਾ ਇਕ ਚਿਹਰਾ ਵੀ ਬਣਾਇਆ ਹੋਇਆ ਸੀ ਤੇ ਨਾਲ ਹੀ ਅਲਵਿਦਾ ਲਿਖਿਆ ਹੋਇਆ ਸੀ। ਇਸ ਮਾਮਲੇ ਵਿਚ ਸਕੂਲ ਦੀ ਪ੍ਰਿੰਸੀਪਲ ਰਚਨਾ ਮੌਂਗਾ ਨੇ ਇਸ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮ੍ਰਿਤਕਾ ਨੇ ਕਦੇ ਕੋਈ ਟੀਚਰ ਬਾਰੇ ਸ਼ਿਕਾਇਤ ਨਹੀਂ ਕੀਤੀ ਸੀ। ਖੁਦਕੁਸ਼ੀ ਦਾ ਕਾਰਨ ਪ੍ਰੀਖਿਆ ਦਾ ਤਣਾਅ ਵੀ ਹੋ ਸਕਦਾ ਹੈ। ਬੱਚੀ ਹਿਸਾਬ ਵਿਚੋਂ ਕਮਜ਼ੋਰ ਸੀ।
ਪ੍ਰਿੰਸੀਪਲ ਦਾ ਦਾਅਵਾ ਹੈ ਕਿ ਅਧਿਆਪਕ ਨਰੇਸ਼ ਕਪੂਰ ਪਿਛਲੇ ਛੇ ਸਾਲਾਂ ਤੋਂ ਸਕੂਲ ਵਿਚ ਪੜ੍ਹਾ ਰਿਹਾ ਹੈ। ਉਸ ਦਾ ਰਿਕਾਰਡ ਵੀ ਠੀਕ ਰਿਹਾ ਹੈ ਅਤੇ ਉਸ ਦੇ ਵਿਹਾਰ ਬਾਰੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਮਿਲੀ।