
ਸੰਸਦ ਦੇ ਬਜਟ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ।
ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਚਰਚਾ ਦੌਰਾਨ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਇਸ ਦੇ ਨਾਲ ਹੀ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਭਾਸ਼ਣ ਨੂੰ ਲੈ ਕੇ ਪੀਐਮ ਮੋਦੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦੌਰਾਨ ਮੁੰਬਈ 'ਚ ਕਾਂਗਰਸ ਵੱਲੋਂ ਰੇਲ ਟਿਕਟਾਂ ਵੰਡਣ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ 'ਤੇ ਜਵਾਬ ਦਿੰਦਿਆਂ ਮੁੰਬਈ ਕਾਂਗਰਸ ਦੇ ਪ੍ਰਧਾਨ ਭਾਈ ਜਗਤਾਪ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ ਪਹਿਲਾਂ ਹੀ ਕਿਹਾ ਸੀ ਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਮਾਮਲਿਆਂ ਵਿਚ ਵਾਧਾ ਨਾ ਹੋਵੇ ਪਰ ਅਜਿਹਾ ਨਹੀਂ ਕੀਤਾ ਗਿਆ। ਅਸੀਂ 106 ਟਰੇਨਾਂ ਰਾਹੀਂ ਲੋਕਾਂ ਨੂੰ ਭੇਜਿਆ। ਜਦੋਂ ਸਰਕਾਰ ਨੇ ਕਿਹਾ ਕਿ ਉਹ 75 ਫ਼ੀਸਦੀ ਕਿਰਾਇਆ ਮੁਆਫ਼ ਕਰ ਰਹੇ ਹਨ, ਅਸੀਂ ਬਾਕੀ 25 ਫ਼ੀਸਦੀ ਦਾ ਭੁਗਤਾਨ ਕਰਨ ਦਾ ਕੰਮ ਕੀਤਾ ਅਤੇ ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਗਲਤ ਨੀਤੀਆਂ ਕਾਰਨ ਲੋਕ ਘਰ ਛੱਡਣ ਲਈ ਮਜਬੂਰ ਹੋਏ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁੰਬਈ ਸਥਿਤ ਉਹਨਾਂ ਦੇ ਘਰ ਲਿਜਾਇਆ ਗਿਆ। ਉਹ ਲਾਸ਼ਾਂ ਉੱਤਰ ਪ੍ਰਦੇਸ਼ ਵਿਚ ਗੰਗਾ ਦੇ ਕੰਢੇ ਸਨ। ਲੋਕਾਂ ਨੂੰ ਸਭ ਕੁਝ ਯਾਦ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਘਰ-ਘਰ 'ਚ 'ਪੌਪੇਗੰਡਾ’ ਫੈਲਾਇਆ ਗਿਆ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਅਸਲ ਵਿਚ ਭਾਰਤ ਵਿਚ ਮੁੱਠੀ ਭਰ ਅਮੀਰਾਂ ਦੀ ਗੁਲਾਮ ਸਰਕਾਰ ਹੈ। ਆਰਥਿਕਤਾ ਨੂੰ ਅਮੀਰ ਅਤੇ ਗਰੀਬ ਵਿਚ ਵੰਡਿਆ ਗਿਆ ਹੈ। 142 ਅਮੀਰਾਂ ਦੀ ਦੌਲਤ 23,14,000 ਕਰੋੜ ਰੁਪਏ ਤੋਂ ਵਧ ਕੇ 53,16,000 ਕਰੋੜ ਰੁਪਏ ਹੋ ਗਈ ਅਤੇ 84% ਘਰਾਂ ਦੀ ਆਮਦਨ ਖਤਮ ਹੋ ਗਈ। ਲਾਕਡਾਊਨ ਲਾਗੂ ਹੋਣ ਨਾਲ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਹਾਲੀ ਦੀ ਦਲਦਲ ਵਿਚ ਧੱਕਣ ਵਾਲੇ ‘ਮਾਫ਼ੀ ਮੰਗਣ’ ਦੀ ਥਾਂ ‘ਮਦਦ ਕਰਨ ਵਾਲੇ ਹੱਥਾਂ’ ’ਤੇ ਸਵਾਲ ਚੁੱਕ ਰਹੇ ਹਨ। ਸਰਕਾਰ ਦੇ ਇਸ ਰਵੱਈਏ ਕਾਰਨ ਲੱਖਾਂ ਲੋਕ ਆਪਣਿਆਂ ਨੂੰ ਗੁਆ ਚੁੱਕੇ ਹਨ ਪਰ ਅੱਜ ਉਹਨਾਂ ਦੇ ਦਰਦ ਦਾ ਸੰਸਦ ਵਿਚ ਮਜ਼ਾਕ ਉਡਾਇਆ ਗਿਆ। ਸਭ ਯਾਦ ਰੱਖਿਆ ਜਾਵੇਗਾ।
ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਪੀਐਮ ਮੋਦੀ ਨੇ ਇਸ ਸਦੀ ਦਾ ਸਭ ਤੋਂ ਵੱਡਾ ਪਾਪ ਕੀਤਾ ਹੈ। ਅਚਾਨਕ ਲੋਕਾਂ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਲੋਕਾਂ ਬਾਰੇ ਨਹੀਂ ਸੋਚਿਆ ਜੋ ਰੋਜ਼ਾਨਾ ਕਮਾਉਣ ਵਾਲੇ ਅਤੇ ਖਾਣ ਵਾਲੇ ਹਨ। ਤੁਸੀਂ ਅੱਜ ਸਾਡੀ ਤਾਰੀਫ਼ ਕੀਤੀ। ਹਾਂ ਅਸੀਂ ਉਹਨਾਂ ਦੀ ਮਦਦ ਕੀਤੀ। ਟੀਐਮਸੀ ਦੇ ਸ਼ਤਾਬਦੀ ਰਾਏ ਨੇ ਕਿਹਾ ਕਿ ਮੋਦੀ ਜੀ ਸਿਰਫ਼ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਹਨ। ਬਾਕੀ ਮੁੱਦੇ 'ਤੇ ਕੁਝ ਨਹੀਂ ਕਿਹਾ। ਦੇਸ਼ ਦੀ ਹਾਲਤ ਨਹੀਂ ਦੱਸੀ। ਨੌਕਰੀ ਬਾਰੇ ਵੀ ਨਹੀਂ ਬੋਲੇ। ਦੋ ਘੰਟੇ 'ਚ ਡੇਢ ਘੰਟਾ ਉਹ ਕਾਂਗਰਸ 'ਤੇ ਹੀ ਬੋਲੇ।