
13 ਸ਼ਹੀਦਾਂ ਸਿੰਘਾਂ ਦੀ ਯਾਦ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਮਾਰਚ’ ਕਢਣ ਦਾ ਐਲਾਨ
ਅ੍ਰੰਮਿਤਸਰ, 6 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ, ਨਿਰਮਲ ਸਿੰਘ ਚੌਹਾਨ): ਅੰਮਿ੍ਰਤਸਰ ਦੀ ਪਾਵਨ ਧਰਤੀ ’ਤੇ 1978 ਦੀ ਵਿਸਾਖੀ ਵਾਲੇ ਦਿਨ ਵਾਪਰੇ 13 ਸਿੰਘਾਂ ਦੇ ਸ਼ਹੀਦੀ ਸਾਕੇ ਦੀ ਯਾਦ ਨੂੰ ਸਮਰਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਮਾਰਚ’ 13 ਅਪ੍ਰੈਲ ਨੂੰ ਕਢਣ ਦਾ ਫ਼ੈਸਲਾ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਵਲੋਂ ਲਿਆ ਗਿਆ ਹੈ।
ਇਹ ਮਾਰਚ ਗੁਰਦਵਾਰਾ ਸ਼ਹੀਦ ਗੰਜ ਬੀ ਬਲਾਕ ਰੇਲਵੇ ਕਲੋਨੀ ਤੋਂ ਸਵੇਰੇ 11 ਵਜੇ ਪੰਜ ਸਿੰਘਾਂ ਦੀ ਅਗਵਾਈ ਵਿਚ ਆਰੰਭ ਹੋਵੇਗਾ ਤੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਸਮਾਪਤ ਹੋਵੇਗਾ ਜਿਥੇ 13 ਸ਼ਹੀਦ ਸਿੰਘਾਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਮਾਰਚ ਦੌਰਾਨ ਰਸਤੇ ਵਿਚ ਗੁਰਬਾਣੀ ਕੀਰਤਨ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਮਾਰਚ ਸ਼ਾਂਤਮਈ ਤੇ ਮਰਿਆਦਾ ਵਿਚ ਹੋਵੇਗਾ। ਹਵਾਰਾ ਕਮੇਟੀ ਨੇ ਸਪੱਸ਼ਟ ਕੀਤਾ ਕਿ 13 ਸ਼ਹੀਦ ਸਿੰਘ ਕੌਮ ਦੇ ਸਾਂਝੇ ਹਨ। ਇਸ ਲਈ ਮਾਰਚ ਸਮੁੱਚੇ ਖ਼ਾਲਸਾ ਪੰਥ ਦਾ ਹੈ ਜਿਸ ਵਿਚ ਸਮੂਹ ਜਥੇਬੰਦੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿਤਾ ਜਾਂਦਾ ਹੈ। ਜ਼ਿਕਰਯੋਗ ਹੈ ਇਸ ਸਾਕੇ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਅਗਵਾਈ ਅਖੰਡ ਕੀਰਤਨੀ ਜਥੇ ਦੇ ਭਾਈ ਫ਼ੌਜਾ ਸਿੰਘ ਨੇ ਕੀਤੀ ਸੀ। ਬਾਦਲ ਸਰਕਾਰ ਨੇ ਨਕਲੀ ਨਿਰੰਕਾਰੀਆਂ ਨੂੰ ਅੰਮਿ੍ਰਤਸਰ ਵਿਖੇ ਵਿਸਾਖੀ ਸਮਾਗਮ ਦੀ ਪ੍ਰਵਾਨਗੀ ਦੇ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਭੜਕਾਇਆ ਸੀ।
ਪ੍ਰੋ. ਬਲਜਿੰਦਰ ਸਿੰਘ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਨਕਲੀ ਨਿੰਰਕਾਰੀਆਂ ਸਮੇਤ ਪੁਲਿਸ ਅਫ਼ਸਰਾਂ ਨੂੰ ਕੋਈ ਵੀ ਸਜ਼ਾ ਨਹੀਂ ਮਿਲ ਸਕੀ। ਅੱਜ ਲੋੜ ਹੈ ਪੰਥਕ ਜਥੇਬੰਦੀਆਂ ਇਕ ਦੂਸਰੇ ਨੂੰ ਸਹਿਯੋਗ ਦੇ ਕੇ ਅਪਣੇ ਸ਼ਾਨਾਮਤੇ ਇਤਿਹਾਸ ਤੋਂ ਮੌਜੂਦਾ ਪੀੜ੍ਹੀ ਨੂੰ ਜਾਣੂ ਕਰਵਾਉਣ।