
ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਲਈ ਵੀ ਕੀਤੀ ਅਰਦਾਸ
ਅੰਮ੍ਰਿਤਸਰ: ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਇੱਥੇ ਪਹੁੰਚ ਕੇ ਉਹਨਾਂ ਨੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ ਅਤੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਉਹਨਾਂ ਨੇ ਵਾਹਿਗੁਰੂ ਅੱਗੇ ਮਹਾਂਮਾਰੀ ਦੇ ਖਾਤਮੇ ਲਈ ਅਰਦਾਸ ਕੀਤੀ।
Sonu sood
ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨੀ ਮਸਲੇ ਦੇ ਜਲਦ ਹੱਲ ਹੋਣ ਦੀ ਆਸ ਪ੍ਰਗਟਾਈ। ਉਹਨਾਂ ਕਿਹਾ ਕਿ ਕਿਸਾਨ ਕਾਫੀ ਲੰਬੇ ਸਮੇਂ ਤੋਂ ਅਪਣੇ ਘਰਾਂ ਤੋਂ ਬਾਹਰ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਹਨ। ਇਸ ਮਸਲੇ ਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਹੈ। ਸੋਨੂੰ ਸੂਦ ਨੇ ਦੱਸਿਆ ਕਿ ਅੱਜ ਉਹ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੇ ਤਹਿਤ ਉਹ ਕੋਰੋਨਾ ਸਬੰਧੀ ਦੇਸ਼ ਦੀ ਸਭ ਤੋਂ ਵੱਡੀ ਡਰਾਈਵ ਸ਼ੁਰੂ ਕਰਨਗੇ।
Sonu sood
ਸੂਤਰਾਂ ਮੁਤਾਬਿਕ ਅੱਜ ਸੋਨੂੰ ਸੂਦ ਕੋਰੋਨਾ ਵੈਕਸੀਨ ਨੂੰ ਲੈ ਕੇ ਬਾਰਡਰ ’ਤੇ ਹੋਣ ਜਾ ਰਹੇ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਇਸ ਵਿਚ ਬਾਰਡਰ ਰੇਂਜ ਦੇ ਬੀਐਸਐਫ ਦੇ ਡੀਆਈਜੀ ਅਤੇ ਪੰਜਾਬ ਦੇ ਸਿਹਤ ਮੰਤਰੀ ਵੀ ਸ਼ਮੂਲੀਅਤ ਕਰਨਗੇ। ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਦੇ ਚਲਦਿਆਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ, ਸਮਾਜਕ ਦੂਰੀ ਬਣਾਉਣ, ਹੱਥ ਧੋਣ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ।