
ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿਚ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਬਾਰੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਕੋਵਿਡ-19 ਮਹਾਮਾਰੀ ਤੋਂ ਸਟਾਫ਼ ਅ
ਚੰਡੀਗੜ੍ਹ, 6 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਵਿਚ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਬਾਰੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਕੋਵਿਡ-19 ਮਹਾਮਾਰੀ ਤੋਂ ਸਟਾਫ਼ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਰਾਜ ਸਰਕਾਰ ਨੇ ਸੇਵਾ ਕੇਂਦਰਾਂ ਵਲੋਂ ਦਿਤੀਆਂ ਜਾਂਦੀਆਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਪੜਾਅਵਾਰ ਪਹੁੰਚ ਅਪਣਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਵਲੋਂ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਆਗਿਆ ਦਿਤੀ ਗਈ ਹੈ ਅਤੇ ਸੇਵਾ ਕੇਂਦਰ ਜਲਦ ਹੀ ਸਰਕਾਰ ਦੁਆਰਾ ਨਿਰਧਾਰਤ ਯੋਜਨਾ ਅਨੁਸਾਰ ਅਪਣੇ ਕੰਮ ਸ਼ੁਰੂ ਕਰਨਗੇ।
ਐਡਵਾਇਜ਼ਰੀ ਮੁਤਾਬਕ ਸਟਾਫ਼ ਦੀ ਹਾਜ਼ਰੀ ਸਬੰਧੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਸ ਤਹਿਤ ਸਟਾਫ਼ ਨੂੰ ਇਸ ਤਰੀਕੇ ਨਾਲ ਬਿਠਾਇਆ ਜਾਵੇ ਕਿ ਉਨ੍ਹਾਂ ਵਿਚ ਹਰ ਸਮੇਂ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਰਕਰਾਰ ਰਹੇ। ਉਨ੍ਹਾਂ ਅੱਗੇ ਕਿਹਾ ਕਿ ਸਟਾਫ਼ ਲਈ ਇਕ-ਇਕ ਕਾਊਂਟਰ ਛੱਡ ਕੇ ਬੈਠਣ ਸਬੰਧੀ ਸੰਭਾਵਨਾ ਵੀ ਤਲਾਸ਼ੀ ਜਾ ਰਹੀ ਹੈ। ਦਫ਼ਤਰੀ ਕੰਮਕਾਜ ਦੇ ਸਮੇਂ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੈ, ਦੁਪਹਿਰ ਦੇ ਖਾਣੇ ਅਤੇ ਚਾਹ-ਬਰੇਕ ਦੇ ਸਮੇਂ ਨੂੰ ਲੋੜ ਅਨੁਸਾਰ ਅੱਗੇ ਪਿੱਛੇ ਕਰਨ ਸਬੰਧੀ ਯੋਜਨਾ ਬਣਾਈ ਜਾਵੇ ਤਾਂ ਜੋ ਸਟਾਫ਼ ਦੇ ਇਕੱਠ ਨੂੰ ਰੋਕਿਆ ਜਾ ਸਕੇ।
File photo
ਬੁਲਾਰੇ ਨੇ ਕਿਹਾ ਕਿ ਸਟਾਫ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜਿਕ ਦੂਰੀ, ਹੱਥ ਨਾ ਮਿਲਾਉਣ, ਹੱਥ ਸਾਫ ਕਰਨ, ਮਾਸਕ ਅਤੇ ਦਸਤਾਨੇ ਪਹਿਨਣ, ਸਾਬਣ ਅਤੇ ਪਾਣੀ ਨਾਲ ਹੱਥ ਧੋਣ ਅਤੇ ਸੈਨੀਟਾਈਜ਼ਰ ਦੀ ਵਰਤੋਂ ਸਬੰਧੀ ਸੰਦੇਸ਼ਾਂ ਵਾਲੇ ਪੋਸਟਰਾਂ ਨੂੰ ਸੇਵਾ ਕੇਂਦਰ ਦੇ ਪ੍ਰਵੇਸ਼ ਦਰਵਾਜ਼ੇ 'ਤੇ ਲਗਾਇਆ ਜਾਵੇ। ਬੁਖਾਰ ਤੋਂ ਪੀੜਤ ਕਰਮਚਾਰੀਆਂ ਦੀ ਜਾਂਚ ਕਰਨ ਲਈ ਸੇਵਾ ਕੇਂਦਰਾਂ ਦੀ ਐਂਟਰੀ ਤੇ ਥਰਮਲ ਸਕੈਨਰਾਂ ਦੀ ਸਥਾਪਨਾ ਕਰਨ ਦੀ ਸਲਾਹ ਦਿਤੀ ਜਾਂਦੀ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਸੇਵਾ ਕੇਂਦਰ ਦੇ ਸੇਵਾ ਖੇਤਰ ਸਾਹਮਣੇ 6 ਫੁੱਟ ਦੀ ਦੂਰੀ ਤੇ ਲਾਈਨਾਂ/ਵਰਗ/ਚੱਕਰ ਲਗਾ ਕੇ ਨਿਸ਼ਾਨਦੇਹੀ ਕੀਤੀ ਜਾਵੇ।
ਇਸੇ ਤਰਾਂ ਸਾਰੇ ਕਾਊਂਟਰਾਂ ਦੇ ਸਾਹਮਣੇ ਵੀ ਲਾਈਨਾਂ/ਵਰਗ/ਚੱਕਰ ਲਗਾ ਕੇ ਨਿਸ਼ਾਨਦੇਹੀ ਕੀਤੀ ਜਾਵੇ। ਕਾਊਂਟਰ ਤੋਂ ਪਹਿਲਾਂ ਲਾਈਨ / ਵਰਗ / ਚੱਕਰ ਘੱਟੋ-ਘੱਟ 2 ਫੁੱਟ ਦੂਰੀ ਤੇ ਲਗਾਇਆ ਜਾਵੇ ਤਾਂ ਜੋ ਕਾਊਂਟਰ ਅਤੇ ਲੋਕਾਂ ਵਿਚ ਦੂਰੀ ਬਣਾਈ ਜਾ ਸਕੇ। ਬੁਲਾਰੇ ਨੇ ਕਿਹਾ ਕਿ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਕੰਮ ਵਾਲੀਆਂ ਥਾਵਾਂ ਤੇ ਕੁਦਰਤੀ ਹਵਾ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਜੇ ਏਅਰ ਕੰਡੀਸ਼ਨਰ/ਕੂਲਰ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਸੰਬੰਧੀ ਜਾਰੀ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।