
ਪੰਜਾਬ ਅਤੇ ਰਾਜਸਥਾਨ ਸਣੇ ਕਈ ਸੂਬਿਆਂ 'ਚ ਸੱਤਾਧਾਰੀ ਕਾਂਗਰਸ ਵਿਚ ਹੀ ਅੰਦਰੂਨੀ ਖਿਚੋਤਾਣ ਸਿਖਰ 'ਤੇ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਲੋਕ ਸਭਾ ਚੋਣਾਂ 'ਚ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਨੂੰ ਮਿਲੇ ਇਕ ਪਾਸੜ ਅਤੇ ਮਜ਼ਬੂਤ ਫ਼ਤਵੇ ਨੇ ਜਿੱਥੇ ਕੌਮੀ ਪੱਧਰ ਦੇ ਉੱਤੇ ਕਾਂਗਰਸ ਨੂੰ ਭਾਰੀ ਢਾਹ ਲਾਈ ਉੱਥੇ ਹੀ ਸੂਬਿਆਂ 'ਚ ਸੱਤਾਧਾਰੀ ਕਾਂਗਰਸ ਤੇ ਹੋਰਨਾਂ ਗ਼ੈਰ ਐਨਡੀਏ ਪਾਰਟੀਆਂ ਵਾਲੇ ਸੂਬਿਆਂ 'ਚ ਵੀ ਪਾਰਟੀਆਂ ਦਾ ਤਵਾਜ਼ਨ ਕਾਫ਼ੀ ਵਿਗੜ ਗਿਆ ਹੈ।
Captain Amarinder Singh and Navjot Singh Sidhu
ਕਾਂਗਰਸ ਦੀ ਮਜ਼ਬੂਤ ਸਰਕਾਰਾਂ ਵਾਲੇ ਪੰਜਾਬ ਅਤੇ ਰਾਜਸਥਾਨ ਦੀ ਉਦਾਹਰਣ ਸਾਹਮਣੇ ਹੈ। ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਘੱਟ ਸੀਟਾਂ ਆਉਣ ਦਾ ਠੀਕਰਾ ਸਿੱਧੂ ਭੰਨਿਆ ਹੈ ਉਥੇ ਹੀ ਸਿੱਧੂ ਨੇ ਕਿਹਾ ਕਿ ਹਾਰ ਲਈ ਉਹ ਇਕੱਲਾ ਜ਼ਿੰਮੇਵਾਰ ਕਿਵੇਂ ਹੋ ਸਕਦਾ ਹੈ। ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਬੁਲਾਈ ਕੈਬਨਿਟ ਬੈਠਕ ਵਿਚ ਵੀ ਸਿੱਧੂ ਨਹੀਂ ਪੁੱਜੇ ਜਿਸ ਮਗਰੋਂ ਬਾਅਦ ਵਿਚ ਕੈਪਟਨ ਨੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਬਾਰੇ ਅਤੇ ਸੈਰ ਸਪਾਟਾ ਤੇ ਸਭਿਆਚਾਰ ਮਹਿਕਮੇ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮੇ ਤਕ ਸੀਮਤ ਕਰ ਦਿਤਾ।
Ashok Gehlot and Sachin Pilot
ਉਧਰ ਦੂਜੇ ਪਾਸੇ ਪੰਜਾਬ ਦੀ ਤਰ੍ਹਾਂ ਰਾਜਸਥਾਨ ਵਿਚ ਵੀ ਕਾਂਗਰਸ ਦੇ ਦੋ ਚੋਟੀ ਦੇ ਆਗੂਆਂ 'ਚ ਸਿਆਸੀ ਜੱਫ਼ਾ ਪੈ ਗਿਆ ਹੈ। ਲੋਕ ਸਭਾ ਚੋਣ ਵਿਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਬਾਅਦ ਜਿੱਥੇ ਪਾਰਟੀ ਦੇ ਵਿਧਾਇਕ ਬੀ ਆਰ ਮੀਣਾ ਨੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਦਿਤੀ ਉਥੇ ਹੀ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਬੇਟੇ ਵੈਭਵ ਦੀ ਜੋਧਪੁਰ ਸੀਟ ਤੋਂ ਹਾਰ ਦੀ ਜ਼ਿੰਮੇਵਾਰੀ ਸਚਿਨ ਪਾਇਲਟ ਨੂੰ ਲੈਣ ਲਈ ਕਹਿ ਦਿਤਾ।
ਜੇਕਰ ਇਕ ਹੋਰ ਉੱਤਰ ਭਾਰਤੀ ਰਾਜ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉਥੇ ਵੀ ਭਾਜਪਾ ਤੋਂ ਕਰਾਰੀ ਹਾਰ ਮਗਰੋਂ ਸਪਾ-ਬਸਪਾ ਦਾ ਉਹ ਗਠਜੋੜ ਵੀ ਟੁੱਟ ਗਿਆ ਜਿਸ ਨੂੰ ਲੈ ਕੇ ਅਖਿਲੇਸ਼ ਯਾਦਵ ਅਤੇ ਮਾਇਆਵਤੀ ਸਹਿਤ ਸਮੁੱਚੇ ਵਿਰੋਧੀ ਪੱਖ ਨੂੰ ਬਹੁਤ ਉਮੀਦਾਂ ਸਨ। ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਗੜ੍ਹ 'ਚ ਪਹਿਲੀ ਵਾਰ ਬੀਜੇਪੀ ਨੇ ਤਾਬੜ ਤੋੜ ਚੁਣੌਤੀ ਦਿੰਦਿਆਂ 18 ਲੋਕ ਸਭਾ ਸੀਟਾਂ ਜਿੱਤ ਲਈਆਂ। ਨਤੀਜਾ ਇਹ ਨਿਕਲਿਆ ਕਿ ਟੀਐਮਸੀ ਦੇ 2 ਵਿਧਾਇਕਾਂ ਸਹਿਤ 50-60 ਦੂਜੇ ਨੇਤਾ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ ਹਨ।
ਹੁਣ ਗੱਲ ਕਰੀਏ ਜੇਕਰ ਕਰਨਾਟਕ ਦੀ ਤਾਂ ਕਰਨਾਟਕ ਵਿਚ ਸੱਤਾ ਵਿਚ ਹੋਣ ਦੇ ਬਾਵਜੂਦ ਜਨਤਾ ਦਲ (ਸੈਕੂਲਰ)- ਕਾਂਗਰਸ ਗਠਜੋੜ ਦੀ ਲੋਕ ਸਭਾ ਚੋਣ ਵਿਚ ਕਰਾਰੀ ਹਾਰ ਹੋਈ। ਬੀਜੇਪੀ ਨੇ 28 ਵਿਚੋਂ 23 ਸੀਟਾਂ ਜਿੱਤ ਲਈਆਂ ਜਿਸ ਦਾ ਸਿੱਧਾ ਅਸਰ ਸੱਤਾਧਾਰੀ ਗਠਜੋੜ 'ਤੇ ਪਿਆ ਤੇ ਸਰਕਾਰ 'ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ।
ਉਧਰ ਤੇਲੰਗਾਨਾ 'ਚ ਵੀ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਦੇ 18 ਵਿਚੋਂ 12 ਵਿਧਾਇਕਾਂ ਨੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐੱਸ) ਦਾ ਪੱਲਾ ਫੜਨ ਦਾ ਫ਼ੈਸਲਾ ਕਰ ਲਿਆ ਹੈ। ਮੱਧ ਪ੍ਰਦੇਸ਼ ਵਿਚ ਵੀ ਬੀਜੇਪੀ ਨੇ ਇਕ ਛੱਡ ਕੇ ਸਾਰੀਆਂ ਸੀਟਾਂ ਸੱਤਾਧਾਰੀ ਕਾਂਗਰਸ ਕੋਲੋਂ ਜਿੱਤ ਲਈਆਂ। ਰਾਜ ਵਿਚ ਸੱਤਾ ਵਿਚ ਹੋਣ ਦੇ ਬਾਵਜੂਦ ਕਾਂਗਰਸ ਦੀ ਕਰਾਰੀ ਹਾਰ ਮਗਰੋਂ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਉੱਤੇ ਸਵਾਲ ਉੱਠਣ ਲੱਗ ਪਏ ਹਨ।