
ਕਿਸੇ ਸਮੇਂ ਪੰਜਾਬ ਦੀ ਧਰਤੀ 'ਤੇ ਪੰਜ ਦਰਿਆ ਵਰਗੇ ਸਨ ਅਤੇ ਇਨ੍ਹਾਂ ਦਰਿਆਵਾਂ ਦੇ ਪਾਣੀ ਨੂੰ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਸੀ ਪਰ ਦੇਸ਼ ਦੀ ਵੰਡ ਹੋਣ ਨਾਲ ਜਿੱਥੇ...
ਚੰਡੀਗੜ੍ਹ (ਸ਼ਾਹ) : ਕਿਸੇ ਸਮੇਂ ਪੰਜਾਬ ਦੀ ਧਰਤੀ 'ਤੇ ਪੰਜ ਦਰਿਆ ਵਰਗੇ ਸਨ ਅਤੇ ਇਨ੍ਹਾਂ ਦਰਿਆਵਾਂ ਦੇ ਪਾਣੀ ਨੂੰ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਸੀ ਪਰ ਦੇਸ਼ ਦੀ ਵੰਡ ਹੋਣ ਨਾਲ ਜਿੱਥੇ ਪੰਜਾਬ ਦੇ ਦਰਿਆ ਵੰਡੇ ਗਏ, ਉਥੇ ਪੰਜਾਬ ਵਿਚ ਰਹਿੰਦੇ ਖੂੰਹਦੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਦਰਿਆਵਾਂ ਦਾ ਹੀ ਨਹੀਂ ਬਲਕਿ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਚੁੱਕਿਆ ਹੈ, ਜਿਨ੍ਹਾਂ 'ਚ ਕਈ ਤਰ੍ਹਾਂ ਦੇ ਖ਼ਤਰਨਾਕ ਤੱਤ ਪਾਏ ਗਏ ਹਨ ਜੋ ਮਨੁੱਖ ਲਈ ਘਾਤਕ ਸਾਬਤ ਹੋ ਰਹੇ ਹਨ।
waterਇਸ ਗੱਲ ਦਾ ਖ਼ੁਲਾਸਾ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸੂਬੇ ਦੇ 1971 ਪਿੰਡਾਂ ਦੇ ਪਾਣੀ ਦੀ ਜਾਂਚ ਤੋਂ ਬਾਅਦ ਕੀਤਾ ਗਿਆ ਹੈ ਜੋ ਵਾਕਈ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲਾ ਹੈ। ਪੰਜਾਬ ਦੇ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿਕਲ ਵਰਗੇ ਖ਼ਤਰਨਾਕ ਤੱਤ ਮਿਲ ਚੁੱਕੇ ਹਨ ਜੋ ਪੰਜਾਬ ਦੇ ਲੋਕਾਂ ਦੀ ਸਿਹਤ ਲਈ ਬੇਹੱਦ ਨੁਕਸਾਨਦਾਇਕ ਸਾਬਤ ਹੋ ਰਹੇ ਹਨ। ਜਾਂਚ ਮੁਤਾਬਕ ਅੰਮ੍ਰਿਤਸਰ ਜ਼ਿਲ੍ਹੇ ਦੇ 82 ਪਿੰਡਾਂ 'ਚ ਆਰਸੈਨਿਕ, ਸਿੱਕਾ, ਅਲੂਮੀਨੀਅਮ, ਫਲੋਰਾਈਡ ਪਾਇਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ 11 ਪਿੰਡਾਂ ਵਿਚ ਯੂਰੇਨੀਅਮ ਮਾਤਰਾ ਵਧੇਰੇ ਪਾਈ ਗਈ ਹੈ।
waterਇਸ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ 51 ਪਿੰਡਾਂ ਵਿਚ ਯੂਰੇਨੀਅਮ, ਫਲੋਰਾਈਡ, ਸਿਲੇਨੀਅਮ ਅਤੇ ਨਿਕਲ ਵਰਗੇ ਤੱਤਾਂ ਦੀ ਭਰਮਾਰ ਪਾਈ ਗਈ ਹੈ, ਜੋ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੱਲ ਲਿਜਾ ਰਹੀ ਹੈ। ਫਾਜ਼ਲਿਕਾ ਦੇ 22 ਪਿੰਡਾਂ ਵਿਚ ਯੂਰੇਨੀਅਮ, ਫਲੋਰਾਈਡ, ਅਲੂਮੀਨੀਅਮ, ਸਿਲੇਨੀਅਮ ਤੱਤ ਮੌਜੂਦ ਹਨ। ਫ਼ਿਰੋਜ਼ਪੁਰ ਦੇ 89 ਪਿੰਡਾਂ ਵਿਚ ਯੂਰੇਨੀਅਮ, ਸਿੱਕਾ, ਅਲੂਮੀਨੀਅਮ, ਸਿਲੇਨੀਅਮ ਤੱਤ ਸ਼ਾਮਲ ਹਨ। ਗੁਰਦਾਸਪੁਰ ਦੇ 206 ਪਿੰਡਾਂ ਦੀ ਰਿਪੋਰਟ ਵਿਚ ਬਹੁਤ ਸਾਰੇ ਪਿੰਡਾਂ ਵਿਚ ਸਿੱਕਾ ਪਾਇਆ ਗਿਆ ਜਦਕਿ ਇਥੇ ਅਲੂਮੀਨੀਅਮ, ਆਰਸੈਨਿਕ, ਕੈਡੀਮੀਅਮ, ਨਿੱਕਲ ਆਦਿ ਤੱਤ ਵੀ ਮਿਲੇ ਹਨ।
poisoning water factਹੁਸ਼ਿਆਰਪੁਰ ਦੇ 150 ਪਿੰਡਾਂ ਦੇ ਟੈਸਟ ਕੀਤੇ ਪਾਣੀ ਵਿਚ ਜ਼ਿਆਦਾਤਰ ਕਰੋਮੀਅਮ ਤੱਤ ਮੌਜੂਦ ਹੈ, ਜਦਕਿ ਇੱਥੇ ਕਿਸੇ ਕਿਸੇ ਪਿੰਡ ਵਿਚ ਸਿੱਕਾ, ਸਿਲੇਨੀਅਮ, ਨਿਕਲ, ਅਲੂਮੀਨੀਅਮ ਤੇ ਆਰਸੈਨਿਕ ਵਰਗੇ ਖ਼ਤਰਨਾਕ ਤੱਤ ਪਾਏ ਗਏ ਹਨ, ਜੋ ਲੋਕਾਂ ਨੂੰ ਲਗਾਤਾਰ ਮੌਤ ਵੱਲ ਲਿਜਾ ਰਹੇ ਹਨ। ਜਲੰਧਰ ਦੇ 165 ਪਿੰਡਾਂ ਵਿਚ ਜ਼ਿਆਦਾਤਰ ਸਿੱਕਾ ਤੇ ਸਿਲੇਨੀਅਮ ਪਾਇਆ ਗਿਆ ਹੈ, ਕਿਤੇ-ਕਿਤੇ ਨਿਕਲ, ਅਲੂਮੀਨੀਅਮ ਦੀ ਮਾਤਰਾ ਵੀ ਸਾਹਮਣੇ ਆਈ ਹੈ। ਕਪੂਰਥਲਾ ਦੇ 67 ਪਿੰਡਾਂ ਵਿਚਲੇ ਪਾਣੀਆਂ ਦੀ ਜਾਂਚ ਕੀਤੀ ਗਈ, ਜਿਸ ਵਿਚ ਸਿਲੇਨੀਅਮ, ਸਿੱਕਾ ਤੇ ਅਲੂਮੀਨੀਅਮ ਦੀ ਵਧੇਰੇ ਪਾਈ ਗਈ।
poisonਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਬਲਾਕ ਵਿਚ ਵੀ ਕੁੱਝ ਥਾਵਾਂ 'ਤੇ ਯੂਰੇਨੀਅਮ ਦੀ ਮੌਜੂਦਗੀ ਦੇਖੀ ਗਈ ਹੈ। ਲੁਧਿਆਣਾ ਦੇ 95 ਪਿੰਡਾਂ ਦੇ ਪਾਣੀ ਵਿਚ ਜ਼ਿਆਦਾਤਰ ਸਿੱਕਾ ਪਾਇਆ ਗਿਆ ਹੈ ਪਰ ਕਿਤੇ-ਕਿਤੇ ਅਲੂਮੀਨੀਅਮ, ਸਿਲੇਨੀਅਮ, ਮਰਕਰੀ ਆਦਿ ਤੱਤ ਵੀ ਮੌਜੂਦ ਹਨ। ਮੋਗਾ ਦੇ 26 ਪਿੰਡਾਂ ਵਿਚ ਅਲੂਮੀਨੀਅਮ, ਸਿੱਕਾ ਵੀ ਪਾਇਆ ਗਿਆ ਹੈ। ਇਸ ਦੇ ਨਾਲ ਹੀ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਬਲਾਕ ਦੇ ਇਕ ਪਿੰਡ ਵਿਚ ਯੂਰੇਨੀਅਮ ਦੀ ਮਾਤਰਾ ਵੀ ਦਰਜ ਕੀਤੀ ਗਈ। ਪਠਾਨਕੋਟ ਦੇ 113 ਪਿੰਡਾਂ ਵਿਚ ਅਲੂਮੀਨੀਅਮ ਜ਼ਿਆਦਾਤਰ ਮੌਜੂਦ ਹੈ ਜੋ ਲੋਕਾਂ ਲਈ ਖ਼ਤਰਨਾਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।
waterਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦੇ 411 ਪਿੰਡਾਂ ਵਿਚਲੇ ਪਾਣੀਆਂ ਦੀ ਜਾਂਚ ਕੀਤੀ ਗਈ , ਜਿਨ੍ਹਾਂ ਵਿਚ ਜ਼ਿਆਦਾਤਰ ਸਿੱਕੇ ਦੀ ਮੌਜੂਦਗੀ ਪਾਈ ਗਈ ਪਰ ਉਂਝ ਇਸ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਹੋਰ ਕਈ ਖ਼ਤਰਨਾਕ ਤੱਤ ਵੀ ਪਾਏ ਗਏ ਹਨ। ਭੁੱਨਰਹੇੜੀ ਬਲਾਕ ਵਿਚ ਯੂਰੇਨੀਅਮ ਵੀ ਮਿਲਿਆ ਹੈ। ਜ਼ਿਲ੍ਹਾ ਰੂਪਨਗਰ ਦੇ 290 ਪਿੰਡਾਂ ਵਿਚ ਅਲੂਮੀਨੀਅਮ ਕਰੀਬ ਸਾਰੇ ਪਿੰਡਾਂ ਵਿਚ ਹੈ, ਉਂਝ ਸਿੱਕਾ ਵੀ ਪਾਇਆ ਗਿਆ ਹੈ ਪਰ ਇਸ ਜ਼ਿਲ੍ਹੇ ਵਿਚ ਯੂਰੇਨੀਅਮ ਦੀ ਮਾਤਰਾ ਨਹੀਂ ਮਿਲੀ।
water pollutionਸੰਗਰੂਰ ਜ਼ਿਲ੍ਹੇ ਵਿਚ ਚੈੱਕ ਕੀਤੇ 62 ਪਿੰਡਾਂ ਵਿਚ ਖ਼ਤਰਨਾਕ ਤੱਤ ਯੂਰੇਨੀਅਮ ਦੀ ਮਾਤਰਾ ਵੀ ਪਾਈ ਗਈ ਹੈ, ਜਦਕਿ ਇਥੇ ਫਲੋਰਾਈਡ, ਸਿੱਕਾ ਤੇ ਸਿਲੇਨੀਅਮ ਵੀ ਕੁੱਝ ਥਾਵਾਂ 'ਤੇ ਪਾਇਆ ਗਿਆ ਹੈ। ਜੇਕਰ ਗੱਲ ਕਰੀਏ ਚੰਡੀਗੜ੍ਹ ਦੀਆਂ ਜੜ੍ਹਾਂ ਵਿਚਲੇ ਜ਼ਿਲ੍ਹਾ ਮੁਹਾਲੀ ਦੀ ਤਾਂ ਇਸ ਜ਼ਿਲ੍ਹੇ ਦੇ 46 ਪਿੰਡਾਂ ਵਿਚ ਪਾਣੀ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਐਲੂਮੀਨੀਅਮ ਪਾਇਆ ਗਿਆ। ਇਸ ਤੋਂ ਇਲਾਵਾ ਸਿੱਕਾ ਤੇ ਫਲੋਰਾਈਡ ਵਰਗੇ ਤੱਤਾਂ ਦੀ ਮੌਜੂਦਗੀ ਵੀ ਦੇਖੀ ਗਈ ਹੈ।
water punjabਨਵਾਂਸ਼ਹਿਰ ਦੇ ਚੈੱਕ ਕੀਤੇ 32 ਪਿੰਡਾਂ ਵਿਚ ਮਰਕਰੀ, ਸਿਲੇਨੀਅਮ, ਅਲੂਮੀਨੀਅਮ ਤੇ ਸਿੱਕਾ ਮੌਜੂਦ ਹੈ। ਤਰਨਤਾਰਨ ਦੇ 48 ਪਿੰਡਾਂ ਵਿਚ ਆਰਸੈਨਿਕ, ਨਿਕਲ, ਸਿੱਕਾ, ਸਿਲੇਨੀਅਮ ਤੇ ਪੱਟੀ ਬਲਾਕ ਵਿਚ ਯੂਰੇਨੀਅਮ ਵੀ ਮਿਲਿਆ ਹੈ ਜੋ ਲੋਕਾਂ ਨੂੰ ਕੈਂਸਰ ਸਮੇਤ ਹੋਰ ਕਈ ਭਿਆਨਕ ਬਿਮਾਰੀਆਂ ਵੱਲ ਧਕੇਲ ਰਿਹਾ ਹੈ। ਪੰਜਾਬ ਦੇ ਦਰਿਆਵਾਂ ਦਾ ਪਾਣੀ ਤਾਂ ਫੈਕਟਰੀਆਂ ਅਤੇ ਉਦਯੋਗਾਂ ਕਾਰਨ ਦੂਸ਼ਿਤ ਹੋ ਹੀ ਚੁੱਕਿਆ ਹੈ। ਜਿਸ ਦੇ ਕਈ ਤਾਜ਼ਾ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।
waterਧਰਤੀ ਹੇਠਲਾ ਪਾਣੀ ਵੀ ਜ਼ਹਿਰ ਬਣ ਚੁਕਿਆ ਹੈ ਜੋ ਲੋਕਾਂ ਨੂੰ ਜੀਵਨ ਦੇਣ ਦੀ ਬਜਾਏ ਉਨ੍ਹਾਂ ਨੂੰ ਭਿਆਨਕ ਮੌਤ ਵੱਲ ਲਿਜਾ ਰਿਹਾ ਹੈ। ਦੂਸ਼ਿਤ ਹੋਏ ਪਾਣੀਆਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਨਾ ਉਠਾਇਆ ਗਿਆ ਤਾਂ ਯਕੀਨਨ ਤੌਰ 'ਤੇ ਇਸ ਦੇ ਨਤੀਜੇ ਹੋਰ ਵੀ ਜ਼ਿਆਦਾ ਘਾਤਕ ਹੋਣਗੇ।