
ਮਾਮਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀਆਂ ਦਾ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਕੇਸਾਂ ‘ਚ ਤਾਜ਼ਾ ਖ਼ੁਲਾਸਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਗੁਨਾਹਗਾਰ ਟੋਲੀ ਦੀ ‘ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ।’
Kultar Singh Sandhwan
ਪਾਰਟੀ ਹੈੱਡਕੁਆਟਰ ਤੋਂ ਸਾਂਝੇ ਬਿਆਨ ਰਾਹੀਂ ਕਿਹਾ ਕਿ ਪਾਕਿ-ਏ-ਕੁਰਾਨ ਦੀ ਬੇਅਦਬੀ ਦੇ ਮੁੱਖ ਮੁਲਜ਼ਮ ਵਿਜੈ ਕੁਮਾਰ ਵਲੋਂ ਸ਼ਨਿਚਰਵਾਰ ਨੂੰ ਸੰਗਰੂਰ ਦੀ ਅਦਾਲਤ ’ਚ ਪੇਸ਼ ਹੋਣ ਸਮੇਂ ਮੀਡੀਆ ਸਾਹਮਣੇ ਕੀਤੇ ਖ਼ੁਲਾਸੇ ਅਤਿ ਗੰਭੀਰ ਹਨ, ਜਿੰਨ੍ਹਾਂ ਦਾ ਨਾ ਕੇਵਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਗੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਤੁਰਤ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।
Jai Krishan Singh
‘ਆਪ’ ਵਿਧਾਇਕਾਂ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਵਿਜੈ ਕੁਮਾਰ ਨੇ ਖ਼ੁਲਾਸਾ ਕੀਤਾ ਹੈ ਕਿ ਪੁਲਸ ਅਧਿਕਾਰੀ ਵਲੋਂ ਉਸ ਨਾਲ ਜੱਲਾਦਾਂ ਵਰਗਾ ਸਲੂਕ ਕੀਤਾ ਗਿਆ। ਗੁਪਤ ਅੰਗਾਂ ’ਤੇ ਕਰੰਟ ਲਗਾਏ ਜਾਣ ਦੇ ਬਾਵਜੂਦ ਵੀ ਪੁੱਛਗਿੱਛ ’ਚ ਕੁਝ ਨਾ ਨਿਕਲਿਆ ਤਾਂ ਪੁਲਸ ਅਧਿਕਾਰੀਆਂ ਨੇ ਅੱਧਾ ਘੰਟਾ ਸਿਆਸੀ ਆਗੂਆਂ ਨਾਲ ਫ਼ੋਨ ’ਤੇ ਗੱਲ ਕਰਨ ਉਪਰੰਤ ਉਸ ਨੂੰ (ਵਿਜੈ ਕੁਮਾਰ) ਨੂੰ ਕਿਹਾ ਕਿ ਜੇਕਰ ਉਹ ਦਿੱਲੀ ਤੋਂ ‘ਆਪ’ ਦੇ ਵਿਧਾਇਕ ਨਰੇਸ਼ ਯਾਦਵ ਦਾ ਨਾਮ ਲੈ ਲਵੇਗਾ ਤਾਂ ਉਸ ਦੀ ਹਰ ਮਦਦ ਕੀਤੀ ਜਾਵੇਗੀ।
Kulwant Singh Pandori
ਅਰਥਾਤ ਜਾਨੋਂ ਮਾਰਨ ਦੀ ਧਮਕੀ ਨਾਲ ਪੁਲਿਸ ਅਧਿਕਾਰੀਆਂ ਨੇ ਨਰੇਸ਼ ਯਾਦਵ ਦਾ ਨਾਮ ਬੁਲਵਾਇਆ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਆ ਪਿੱਛੇ 2017 ਦੀਆਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਲਾਹਾ ਲੈਣ ਲਈ ‘ਆਪ‘ ਵਿਰੁਧ ਵੱਡੀ ਸਾਜ਼ਿਸ਼ ਰਚੀ ਗਈ। ‘ਆਪ‘ ਵਿਧਾਇਕਾਂ ਨੇ ਮੰਗ ਕੀਤੀ ਕਿ ਵਿਜੈ ਕੁਮਾਰ ਵਲੋਂ ਦੱਸੇ ਗਏ ਆਈਜੀ ਪਰਮਪਾਲ ਸਿੰਘ ਉਮਰਾਨੰਗਲ ਨੂੰ ਤੁਰਤ ਗ੍ਰਿਫ਼ਤਾਰ ਕਰਕੇ ਉਸ ’ਤੇ ਮੁਕੱਦਮਾ ਚਲਾਇਆ ਜਾਵੇ
Manjeet Singh Bilaspur
ਅਤੇ ਸਖ਼ਤੀ ਨਾਲ ਪੁਛਗਿੱਛ ਕਰਕੇ ਉਨ੍ਹਾਂ ਸਿਆਸੀ ਅਕਾਵਾਂ ਦਾ ਪਤਾ ਲਗਾਇਆ ਜਾਵੇ ਜਿੰਨ੍ਹਾਂ ਦੇ ਆਦੇਸ਼ ’ਤੇ ਉਮਰਾਨੰਗਲ ਨੇ ਵਿਜੈ ਕੁਮਾਰ ਤੋਂ ਨਰੇਸ਼ ਯਾਦਵ ਦਾ ਝੂਠਾ ਨਾਮ ਬੁਲਵਾਇਆ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਇਕ ਪਾਸੇ ਪਵਿੱਤਰ ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਕੇਸ ’ਚ ਨਰੇਸ਼ ਯਾਦਵ ਵਰਗੇ ਬੇਕਸੂਰਾਂ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਬਰਗਾੜੀ-ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਹਰ ਹੀਲੇ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਦਕਿ ਪਵਿੱਤਰ ਕੁਰਾਨ ਸ਼ਰੀਫ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਆਈਜੀ ਪਰਮਪਾਲ ਸਿੰਘ ਉਮਰਾਨੰਗਲ ਦੀ ਸ਼ੱਕੀ ਭੂਮਿਕਾ ਬਾਰ-ਬਾਰ ਸਾਹਮਣੇ ਆ ਰਹੀ ਹੈ। ‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪ੍ਰਤੱਖ ਰੂਪ ’ਚ ਬਚਾਉਣ ਦੇ ਦੋਸ਼ ਲਗਾਏ।
Rupinder Kaur Ruby
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਸਲ ਅਤੇ ਰਸੂਖ਼ਦਾਰ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਲਈ ਦ੍ਰਿੜ ਹੁੰਦੇ ਤਾਂ ਬਰਗਾੜੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ’ਚ ਨਾ ਫੁੱਟ ਪੈਂਦੀ ਅਤੇ ਨਾ ਹੀ ਜਾਂਚ ਦੀ ਰਫ਼ਤਾਰ ਮੱਠੀ ਪੈਂਦੀ। ‘ਆਪ’ ਵਿਧਾਇਕਾਂ ਨੇ ਕਿਹਾ ਕਿ ਐਨੇ ਗੰਭੀਰ ਅਤੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਲਈ ਫ਼ਰੀਦਕੋਟ ’ਚ ਸਥਾਪਿਤ ਕੀਤੇ ਕੈਂਪ ਦਫ਼ਤਰ ’ਚ ਸਵਾ ਮਹੀਨੇ ਤੋਂ ਸੁੰਨ ਪਸਰੀ ਹੋਈ ਹੈ।
ਬਹਿਬਲ ਕਲਾਂ ਗੋਲੀਕਾਂਡ ’ਚ ਨਾਮਜ਼ਦ ਕੀਤੇ ਗਏ ਦੋਸ਼ੀ ਪੁਲਿਸ ਵਾਲੇ ਇਸ ਕੈਂਪ ਦਫ਼ਤਰ ’ਚ ਚੱਕਰ ਲੱਗਾ ਰਹੇ ਹਨ, ਪਰੰਤੂ ਉਨ੍ਹਾਂ ਦੀ ਪੁੱਛਗਿੱਛ ਕਰਨ ਵਾਲੇ ਅਧਿਕਾਰੀ ਨਦਾਰਦ ਹਨ। ‘ਆਪ’ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਅਤੇ ਪੁਲਿਸ ਦੋਸ਼ੀਆਂ ਨਾਲ ਰਲ ਗਈ ਹੈ, ਅਜਿਹੇ ਹਾਲਾਤ ’ਚ ਇਨਸਾਫ਼ ਦੀ ਉਮੀਦ ਕਰਨਾ ਬੇਕਾਰ ਹੈ।