
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਿਆਸੀ ਭੂਚਾਲ ਤੋਂ ਬਾਅਦ ਅੱਜ ਮੀਡੀਆ ਸਾਹਮਣੇ....
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਿਆਸੀ ਭੂਚਾਲ ਤੋਂ ਬਾਅਦ ਅੱਜ ਮੀਡੀਆ ਸਾਹਮਣੇ ਅਪਣੀ ਚੁੱਪੀ ਤੋੜ ਦਿਤੀ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ 'ਤੇ ਜਮ ਕੇ ਨਿਸ਼ਾਨੇ ਸਾਧੇ। ਮਾਨ ਨੇ ਕਿਹਾ ਕਿ ਜਦੋਂ ਖਹਿਰਾ ਨੂੰ ਵਿਰੋਧੀ ਪਾਰਟੀ ਦੇ ਅਹੁਦੇ ਤੋਂ ਲਾਂਭੇ ਕਰ ਦਿਤਾ ਗਿਆ, ਤਾਂ ਹੁਣ ਉਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਚੇਤੇ ਆ ਗਈ। ਜੇਕਰ ਉਹ ਵਿਰੋਧੀ ਧਿਰ ਦੇ ਨੇਤਾ ਬਣੇ ਰਹਿੰਦੇ ਤਾਂ ਠੀਕ ਸੀ?
AAP Leader Bhagwant Mann
ਭਗਵੰਤ ਮਾਨ ਨੇ ਆਖਿਆ ਕਿ ਖਹਿਰਾ ਨੂੰ ਖ਼ੁਦਮੁਖ਼ਤਿਆਰੀ ਉਦੋਂ ਕਿਉਂ ਨਹੀਂ ਯਾਦ ਆਈ, ਜਦੋਂ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਗੋਡੀਂ ਹੱਥ ਲਾਉਂਦੇ ਹੁੰਦੇ ਸਨ। ਪੰਜਾਬ ਕਾਂਗਰਸ ਦੇ ਤਤਕਾਲੀਨ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਪਾਰਟੀ ਦਾ ਬੁਲਾਰਾ ਥਾਪਿਆ ਸੀ ਪਰ ਉਨ੍ਹਾਂ 15 ਦਿਨਾਂ ਅੰਦਰ ਹੀ ਉਸੇ ਬਾਜਵਾ ਦੀ ਪਿੱਠ ਵਿਚ ਛੁਰਾ ਮਾਰ ਕੇ ਖਹਿਰਾ ਪਾਸ ਵੱਟ ਗਏ ਸਨ। ਭਗਵੰਤ ਮਾਨ ਨੇ ਕਿਹਾ ਕਿ ਮੇਰੀ ਬਿਮਾਰੀ ਦਾ ਵੀ ਮਜ਼ਾਕ ਉਡਾਇਆ ਜਾ ਰਿਹਾ ਹੈ।
Sukhpal Khehraਉਨ੍ਹਾਂ ਕਿਹਾ ਕਿ ਉਹ 25 ਜੁਲਾਈ ਨੂੰ ਹੀ ਬੀਮਾਰ ਹੋ ਗਏ ਸਨ ਤੇ ਜਿਸ ਕਾਰਨ 26 ਤਰੀਕ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਸੀ ਕਿਉਂਕਿ ਗੁਰਦੇ ਵਿਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਪਰ ਖਹਿਰਾ ਧੜੇ ਨੇ ਉਨ੍ਹਾਂ ਦੀ ਬੀਮਾਰੀ ਦਾ ਮਜ਼ਾਕ ਉਡਾਇਆ ਗਿਆ। ਇਹੀ ਨਹੀਂ, ਉਨ੍ਹਾਂ 'ਤੇ ਨਿੱਜੀ ਹਮਲੇ ਵੀ ਕੀਤੇ ਗਏ। ਕਿਸੇ ਨੇ ਕਿਹਾ ਕਿ ਪਤਾ ਨਹੀਂ ਮਾਨ ਜਾਣ-ਬੁੱਝ ਕੇ ਹਸਪਤਾਲ ਦਾਖ਼ਲ ਹੋ ਗਿਆ। ਮੈਂ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖਲ ਸੀ, ਕਿਸੇ ਪਿੰਡ ਦੇ ਡਾਕਟਰ ਦੀ ਦੁਕਾਨ ਵਿਚ ਨਹੀਂ। ਉਥੇ ਸਿਹਤ ਜਾਂਚ ਤੋਂ ਬਾਅਦ ਹੀ ਦਾਖ਼ਲ ਕੀਤਾ ਜਾਂਦਾ ਹੈ।
AAP Leader Bhagwant Mannਉਨ੍ਹਾਂ ਕਿਹਾ ਕਿ ਖ਼ੈਰ, ਮੈਂ ਫਿਰ ਵੀ ਸਬਰ ਰਖਿਆ। ਮਾਨ ਨੇ ਕਿਹਾ ਕਿ ਇਸੇ ਦੌਰਾਨ ਖਹਿਰਾ ਸਾਹਿਬ ਨੇ ਪਤਾ ਨਹੀਂ ਕਦੋਂ ਪੰਜਾਬ ਤੇ ਦਿੱਲੀ ਦੀ ਲੜਾਈ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਤੀਆਂ। ਜਦੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹਿਆ ਗਿਆ, ਤਾਂ ਪੰਜਾਬ ਤੇ ਦਿੱਲੀ ਦੀ ਜੰਗ ਕਿੱਥੋਂ ਆ ਗਈ? ਉਨ੍ਹਾਂ ਅੱਗੇ ਕਿਹਾ ਕਿ ਹੁਣ ਖਹਿਰਾ ਐਂਡ ਪਾਰਟੀ ਪਤਾ ਨਹੀਂ ਮੇਰੀ ਪੰਜਾਬ ਪ੍ਰਤੀ ਵਫ਼ਾਦਾਰੀ 'ਤੇ ਸ਼ੱਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ਸਾਬ੍ਹ ਤੁਸੀਂ ਹਿਮਾਚਲ ਦੇ ਪੜ੍ਹੇ ਹੋਏ ਹੋ ਅਤੇ ਮੈਂ ਸਤੌਜ ਦੇ ਸਰਕਾਰੀ ਸਕੂਲ ਵਿਚ। ਇਸ ਲਈ ਮੈਨੂੰ ਪੰਜਾਬ ਪ੍ਰਤੀ ਵਫ਼ਾਦਾਰੀ ਲਈ ਖਹਿਰੇ ਦੀ ਐਨਓਸੀ ਦੀ ਲੋੜ ਨਹੀਂ।
AAP Leader Bhagwant Mannਭਗਵੰਤ ਨੇ ਆਖਿਆ ਕਿ ਹੁਣ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜਾ ਪੰਜਾਬ ਨਹੀਂ ਆਇਆ, ਉਹ ਗ਼ੈਰਤਮੰਦ ਨਹੀਂ। ਹੈਰਾਨੀ ਦੀ ਗੱਲ ਹੈ ਕਿ ਇਹ ਤਾਂ ਨਰਿੰਦਰ ਮੋਦੀ ਵਾਲਾ ਨੁਕਤਾ ਹੈ, ਅਖੇ ਜਿਹੜਾ ਭਾਜਪਾ ਦਾ ਵਿਰੋਧ ਕਰਦਾ ਹੈ, ਉਹ ਰਾਸ਼ਟਰਵਾਦੀ ਨਹੀਂ ਹੈ। ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਸ਼ੁਰੂ ਹੁੰਦਿਆਂ ਹੀ ਸਪੱਸ਼ਟ ਕਰ ਦਿਤਾ ਸੀ ਕਿ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫ਼ੈਸਲਾ 26 ਜੁਲਾਈ ਨੂੰ ਆਇਆ ਸੀ ਪਰ ਉਨ੍ਹਾਂ ਦੀ ਤਬੀਅਤ 25 ਨੂੰ ਵਿਗੜ ਗਈ ਸੀ। ਉਸ ਤੋਂ ਅਗਲੇ ਦਿਨ ਮੈਂ ਫ਼ੇਸਬੁੱਕ 'ਤੇ ਇਕ ਪੋਸਟ ਵੀ ਪਾਈ ਸੀ।