
ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਅੱਜ 5 ਆਈ.ਈ.ਸੀ. (ਇਨਫ਼ਰਮੇਸ਼ਨ, ਐਜੁਕੇਸ਼ਨ ਐਂਡ ਕਮਿਊਨੀਕੇਸ਼ਨ) ਜਾਗਰੂਕਤਾ ਵੈਨਾਂ ਦੀ ਸ਼ੁਰੂਆਤ............
ਚੰਡੀਗੜ੍ਹ : ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਅੱਜ 5 ਆਈ.ਈ.ਸੀ. (ਇਨਫ਼ਰਮੇਸ਼ਨ, ਐਜੁਕੇਸ਼ਨ ਐਂਡ ਕਮਿਊਨੀਕੇਸ਼ਨ) ਜਾਗਰੂਕਤਾ ਵੈਨਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਕਾਰ ਵਲੋਂ ਚਲਾਏ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਜਾਣੂ ਕਰਵਾਇਆ ਜਾ ਸਕੇ। ਇਹ ਅਤਿ-ਆਧੁਨਿਕ ਵੈਨਾਂ ਲੋਕਾਂ ਨੂੰ ਨਸ਼ਾਖੋਰੀ ਤੋਂ ਨਿਜਾਤ ਪਾਉਣ ਸਬੰਧੀ ਇਲਾਜ ਸੇਵਾਵਾਂ ਅਤੇ ਨਸ਼ਾ ਕਰਨ ਦੀ ਆਦਤ ਦੇ ਮਾਰੂ ਪ੍ਰਭਾਵਾਂ ਬਾਰੇ ਸਾਰੀ ਜਾਣਕਾਰੀ ਉਪਲੱਬਧ ਕਰਵਾਉਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਾ ਨੇ ਦੱਸਿਆ ਕਿ ਇਹ 5 ਆਈ.ਈ.ਸੀ ਵੈਨਾਂ ਸਮੁੱਚੇ ਸੂਬੇ ਵਿਚ ਨਸ਼ਾ ਮੁਕਤੀ ਪ੍ਰੋਗਰਾਮ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਵਸਨੀਕਾਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿਮ ਸਬੰਧੀ ਜਾਣਕਾਰੀ ਪ੍ਰਦਾਨ ਕਰਨਗੀਆਂ ਅਤੇ ਉਨ੍ਹਾਂ ਨੂੰ ਇਸ ਮੁਹਿਮ 'ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਇਨ੍ਹਾਂ ਵੈਨਾਂ ਲਈ ਇਕ ਰੂਪਰੇਖਾ ਤਿਆਰ ਕੀਤੀ ਹੈ, ਜਿਸ ਅਧੀਨ ਸਾਰੇ ਜ਼ਿਲ੍ਹਿਆਂ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ।
ਉਨ੍ਹਾਂ ਦਸਿਆ ਕਿ ਇਕ ਮਹੀਨੇ 'ਚ ਹਰ ਵੈਨ ਵਲੋਂ ਸੂਬੇ ਦੇ ਹਰ ਕਲੱਸਟਰ ਦੇ ਅੰਦਰੂਨੀ ਖੇਤਰਾਂ ਦੇ ਘੱਟੋ-ਘੱਟ 30 ਸਟੇਸ਼ਨਾਂ (ਪਿੰਡ ਅਤੇ ਬਲਾਕ) ਤੱਕ ਪਹੁੰਚ ਕਰਨ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਨੂੰ ਹਰ ਸਰਕਾਰੀ ਨਸ਼ਾ ਮੁਕਤੀ ਕੇਂਦਰ, ਮੁੜ ਵੇਸਬਾ ਕੇਂਦਰ ਅਤੇ ਓ.ਓ.ਏ.ਟੀ. ਕਲਿਨਕ ਵਿੱਚ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।