
ਸਿੰਘਪੁਰਾ ਚੌਂਕ ਤੋਂ ਨਗਲਾ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਨਗਲਾ ਪਿੰਡ ਅਤੇ ਨੇੜੇ ਲਗਦੀਆਂ ਕਈ ਸੋਸਾਇਟੀਆਂ ਦੇ ਲੋਕ ਪਰੇਸ਼ਾਨ ਹੋ ਰਹੇ ਹਨ............
ਜ਼ੀਰਕਪੁਰ : ਸਿੰਘਪੁਰਾ ਚੌਂਕ ਤੋਂ ਨਗਲਾ ਪਿੰਡ ਨੂੰ ਜਾਂਦੀ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਨਗਲਾ ਪਿੰਡ ਅਤੇ ਨੇੜੇ ਲਗਦੀਆਂ ਕਈ ਸੋਸਾਇਟੀਆਂ ਦੇ ਲੋਕ ਪਰੇਸ਼ਾਨ ਹੋ ਰਹੇ ਹਨ ਜਿਸਦੀ ਛੇਤੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੌਂਸਲਰਾਂ ਵਲੋਂ ਸ਼ਹਿਰ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਤਾਂ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਜੇ ਵੀ ਜ਼ੀਰਕਪੁਰ ਦੇ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਥੋਂ ਦੇ ਲੋਕ ਬੁਨਿਆਦੀ ਸਹੂਲਤਾਂ ਖਾਸ ਕਰਕੇ ਟੁੱਟੀਆਂ ਸੜਕਾਂ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਲੋਕਾਂ ਨੇ ਦੱਸਿਆ ਕਿ 2017 ਦੀਆਂ ਚੋਣਾਂ ਵੇਲੇ ਜ਼ੀਰਕਪੁਰ ਕੌਂਸਲ ਦੀ ਹਦੂਦ 'ਚ ਸ਼ਾਮਲ ਕੀਤੇ ਗਏ ਪਿੰਡ ਨਗਲਾ ਨੂੰ ਜ਼ੀਰਕਪੁਰ ਸ਼ਹਿਰ ਨਾਲ ਜੋੜਨ ਵਾਲੀ ਇਕਲੌਤੀ ਸੜਕ ਲੰਬੇ ਸਮੇਂ ਤੋਂ ਖਸਤਾ ਹਾਲਤ 'ਚ ਹੈ, ਜਿਸ ਦੀ ਨਾ ਤਾਂ ਕਿਸੇ ਹੋਰ ਰਾਜਨੀਤਕ ਨੇਤਾ ਨੇ ਨਾ ਹੀ ਕਿਸੇ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਨੇ ਸੁੱਧ ਲਈ ਹੈ। ਉਨ੍ਹਾਂ ਕਿਹਾ ਦਿ ਸਿੰਘਪੁਰਾ ਚੌਂਕ ਤੋਂ ਨਗਲਾ ਪਿੰਡ ਨੂੰ ਜਾਂਦੀ ਇਸ ਸੜਕ ਦੀ ਅਣਦੇਖੀ ਕਰਨ ਕਾਰਨ ਇਸ ਸੜਕ ਦੇ ਆਲੇ ਦਵਾਲੇ ਰਹਿੰਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇਸ 'ਚ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਸ ਕਾਰਨ ਇਥੋਂ ਦੇ ਰਾਹਗੀਰਾਂ ਨੂੰ ਭਾਰੀ ਸਮੱਸਿਆਵਾਂ ਤੇ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਸਤਾ ਹਾਲਤ ਸੜਕ ਦੇ ਕਿਨਾਰਿਆਂ 'ਤੇ ਦੁਕਾਨਾਂ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਉਨ੍ਹਾਂ ਨੂੰ ਆਪਣਾ ਕਾਰੋਬਾਰ ਕਰਨ 'ਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਥੋਂ ਦੇ ਨਿਵਾਸੀਆਂ ਤੇ ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋ ਇਸ ਸੜਕ ਨੂੰ ਜਲਦ ਤੋਂ ਜਲਦ ਪਹਿਲਤਾ ਦੇ ਅਧਾਰ 'ਤੇ ਬਣਾਇਆ ਜਾਵੇ ਤੇ ਜਿੰਨੀ ਦੇਰ ਇਹ ਸੜਕ ਨਹੀਂ ਬਣਦੀ ਓਨੀ ਦੇਰ ਉਥੇ ਪੈਚ ਵਰਕ ਕਰਕੇ ਹੀ ਇਸਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।