
ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਲੁਧਿਆਣਾ- ਲੁਧਿਆਣਾ ਦੇ ਬਾਜਵਾ ਨਗਰ ਸਥਿਤ ਤ੍ਰਿਮੂਰਤੀ ਕੱਪੜਾ ਫੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਅੱਗ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਅੱਗ ਬੁਝਾਊ ਵਿਭਾਗ ਨੇ 10 ਗੱਡੀਆਂ ਨੂੰ ਭੇਜਿਆ। ਇਸ ਦੇ ਨਾਲ ਹੀ ਅੱਗ ਦਾ ਧੂੰਆਂ ਇੰਨਾ ਜ਼ਿਆਦਾ ਸੀ ਕਿ ਅੱਗ ਲੱਗਣ ਦੀ ਖ਼ਬਰ ਦੂਰ ਦੂਰ ਤੱਕ ਫੈਲ ਗਈ। ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਜਦੋਂ ਉਸਨੇ ਫੈਕਟਰੀ 'ਚ ਧੂੰਆਂ ਨਿਕਲਦਾ ਵੇਖਿਆ ਤਾਂ ਤੁਰੰਤ ਫੈਕਟਰੀ ਦੇ ਮਾਲਕ ਨੂੰ ਇਸ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਅੱਗ ਬੁਝਾਊ ਦਸਤੇ ਨੂੰ ਵੀ ਸੂਚਿਤ ਕੀਤਾ ਗਿਆ
ਅਤੇ ਤੁਰੰਤ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਉਧਰ ਅੱਗ ਬੁਝਾਉਣ ਵਾਲੇ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ 25-30 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੰਮ ‘ਤੇ ਲੱਗੀਆਂ ਹੋਇਆਂ ਨੇ ਜੋ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ। ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਅੱਗ ਬੁਝਾਊ ਦਸਤੇ ਵੱਲੋਂ ਲਗਾਤਾਰ ਅੱਗ 'ਤੇ ਕਾਫੀ ਹੱਦ ਤਕ ਕਾਬੂ ਵੀ ਪਾ ਲਿਆ ਗਿਆ ਹੈ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਫੈਕਟਰੀ ਚ ਪਿਆ ਸਾਮਾਨ ਜ਼ਰੂਰ ਸੜ ਕੇ ਸੁਆਹ ਹੋ ਗਿਆ।