
ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੇ ਭਾਰਤ ਵਿਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਅਤੇ ਹੋਰ ਅਫ਼ਗਾਨੀ ਨਾਗਰਿਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ।
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਅਫ਼ਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੋਂ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਫ਼ਗ਼ਾਨੀ ਨਾਗਰਿਕ ਅਪਣੀ ਧਰਤੀ ਛੱਡਣ ਲਈ ਮਜਬੂਰ ਹਨ। ਤਾਲਿਬਾਨ ਦੇ ਕਬਜ਼ੇ ਮਗਰੋਂ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਅਫ਼ਗਾਨੀ ਲੋਕਾਂ ਅਤੇ ਅਫ਼ਗਾਨੀ ਵਿਦਿਆਰਥੀਆਂ ਦਾ ਅਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ। ਇਸ ਦੌਰਾਨ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੇ ਭਾਰਤ ਵਿਚ ਪੜ੍ਹ ਰਹੇ ਅਫ਼ਗਾਨੀ ਵਿਦਿਆਰਥੀਆਂ ਅਤੇ ਹੋਰ ਅਫ਼ਗਾਨੀ ਨਾਗਰਿਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ।
Khalsa Aid helping Afghan students
ਹੋਰ ਪੜ੍ਹੋ: ਰੇਪ ਪੀੜਤਾ ਦੀ ਪਛਾਣ ਉਜਾਗਰ ਕਰਨ ਦਾ ਮਾਮਲਾ, ਅਕਸ਼ੈ ਕੁਮਾਰ ਸਣੇ 38 ਮਸ਼ਹੂਰ ਹਸਤੀਆਂ 'ਤੇ FIR
ਰੋਜ਼ਾਨ ਸਪੋਕਸਮੈਨ ਨਾਲ ਗੱਲ ਕਰਦਿਆਂ ਖ਼ਾਲਸਾ ਏਡ ਦੇ ਵਲੰਟੀਅਰ ਜਪਨੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਸਿਰਫ਼ ਚੰਡੀਗੜ੍ਹ ਵਿਚ ਹੀ ਕਰੀਬ 150 ਅਫ਼ਗਾਨੀ ਬੱਚੇ-ਬੱਚੀਆਂ ਇੱਥੇ ਪੜ੍ਹਨ ਲਈ ਆਏ ਹਨ ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਹਨਾਂ ਦਾ ਅਪਣੇ ਪਰਿਵਾਰਕ ਮੈਂਬਰਾਂ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਬੈਂਕ ਬੰਦ ਹੋਣ ਕਾਰਨ ਇਹਨਾਂ ਨੂੰ ਪਰਿਵਾਰ ਵੱਲੋਂ ਪੈਸੇ ਆਉਣੇ ਵੀ ਬੰਦ ਹੋ ਚੁੱਕੇ ਹਨ। ਇਹਨਾਂ ਵਿਦਿਆਰਥੀਆਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਖ਼ਾਲਸਾ ਏਡ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਇਕ ਮਹੀਨੇ ਦਾ ਰਾਸ਼ਨ, ਆਟਾ, ਦਾਲਾਂ, ਮਸਾਲੇ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਆਦਿ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
Japneet Singh
ਹੋਰ ਪੜ੍ਹੋ: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਕਰੀਏ ਅਪਲਾਈ
ਉਹਨਾਂ ਦੱਸਿਆ ਕਿ ਚੰਡੀਗੜ੍ਹ ਤੋਂ ਇਲਾਵਾ ਹੋਰ ਸੂਬਿਆਂ ਦੇ ਅਫ਼ਗਾਨੀ ਵਿਦਿਆਰਥੀਆਂ ਦੀ ਮਦਦ ਲਈ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਖ਼ਾਲਸਾ ਏਡ ਵੱਲੋਂ ਅਫ਼ਗਾਨੀ ਨਾਗਰਿਕਾਂ ਦੀ ਮਦਦ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋੜਵੰਦ ਵਿਦਿਆਰਥੀ ਖ਼ਾਲਸਾ ਏਡ ਨਾਲ ਈ-ਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹਨ। ਇਹਨਾਂ ਸਾਰੇ ਵਿਦਿਆਰਥੀਆਂ ਤੱਕ ਪਹੁੰਚ ਕਰਨ ਵਾਲੇ ਅਫ਼ਗਾਨੀ ਵਿਦਿਆਰਥੀ ਨੇ ਦੱਸਿਆ ਕਿ ਉਹਨਾਂ ਨੂੰ ਖ਼ਾਲਸਾ ਏਡ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਪਰ ਮਦਦ ਲਈ ਸੰਸਥਾ ਨਾਲ ਸੰਪਰਕ ਕਰਨ ਵਿਚ ਉਹਨਾਂ ਦੇ ਭਾਰਤੀ ਦੋਸਤਾਂ ਨੇ ਮਦਦ ਕੀਤੀ। ਉਹਨਾਂ ਦੱਸਿਆ ਕਿ ਭਾਰਤ ਵਿਚ ਕਰੀਬ 16000 ਅਫ਼ਗਾਨ ਵਿਦਿਆਰਥੀ ਪੜ੍ਹ ਰਹੇ ਹਨ। ਇਸ ਤੋਂ ਇਲਾਵਾ ਹੋਰ ਅਫ਼ਗਾਨੀ ਲੋਕ ਵੀ ਭਾਰਤ ਵਿਚ ਮੌਜੂਦ ਹਨ।
Afghan student
ਹੋਰ ਪੜ੍ਹੋ: ਮੋਦੀ ਦੇ ਇਸ਼ਾਰੇ ’ਤੇ DAP ਦੀ ਕਿੱਲਤ ਪੈਦਾ ਕਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਕੈਪਟਨ: ਸੰਧਵਾਂ
ਉਹਨਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਹਾਲਾਤ ਬਹੁਤ ਖ਼ਰਾਬ ਹਨ, ਇੱਥੇ ਕਈ ਵਿਦਿਆਰਥੀ ਅਪਣੇ ਘਰ ਦਾ ਕਿਰਾਇਆ ਅਤੇ ਕਾਲਜਾਂ ਦੀਆਂ ਫੀਸਾਂ ਭਰਨ ਤੋਂ ਅਸਮਰੱਥ ਹਨ। ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇ। ਵਿਦਿਆਰਥੀ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਪੰਜਾਬ ਵਿਚ ਹਾਂ ਤੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹਨ। ਵਿਦਿਆਰਥੀ ਨੇ ਦੱਸਿਆ ਕਿ ਸਾਨੂੰ ਇੰਝ ਲੱਗ ਰਿਹਾ ਜਿਵੇਂ ਸਾਡਾ ਕੋਈ ਵੱਡਾ ਭਰਾ ਸਾਡਾ ਖਿਆਲ ਰੱਖ ਰਿਹਾ ਹੋਵੇ, ਉਹਨਾਂ ਕਿਹਾ ਕਿ ਸਾਨੂੰ ਇਸ ਦੀ ਉਮੀਦ ਨਹੀਂ ਸੀ। ਵਿਦਿਆਰਥੀਆਂ ਨੇ ਖ਼ਾਲਸਾ ਏਡ ਦੀ ਟੀਮ ਅਤੇ ਪੰਜਾਬੀਆਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭਾਰਤ ਸਰਕਾਰ ਨੂੰ ਵੀ ਮਦਦ ਦੀ ਅਪੀਲ ਕੀਤੀ।