
ਦੋ ਮਹੀਨਿਆਂ 'ਚ ਪੰਜਾਬ ਪਿੁਲਸ ਨੇ 322.5 ਕਿਲੋ ਹੈਰੋਇਨ ਕੀਤੀ ਬਰਾਮਦ, 4223 ਨਸ਼ਾ ਤਸਕਰ ਗਿ੍ਫ਼ਤਾਰ: ਸੁਖਚੈਨ ਸਿੰਘ ਗਿੱਲ
ਚੰਡੀਗੜ੍ਹ, 6 ਸਤੰਬਰ (ਸੱਤੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਸ਼ਿਆਂ ਨੂੰ ਜੜੋਂ੍ਹ ਖ਼ਤਮ ਕਰਨ ਦੇ ਮੱਦੇਨਜ਼ਰ ਸੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਨੂੰ ਦੋ ਮਹੀਨੇ ਪੂਰੇ ਹੋਣ ਉਪਰੰਤ ਪੰਜਾਬ ਪੁਲਿਸ ਨੇ 5 ਜੁਲਾਈ 2022 ਤੋਂ ਹੁਣ ਤਕ 562 ਵੱਡੀਆਂ ਮੱਛੀਆਂ ਸਮੇਤ 4223 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਕੁੱਲ 3236 ਐਫ਼.ਆਈ.ਆਰਜ਼. ਦਰਜ ਕੀਤੀਆਂ ਹਨ, ਜਿਨ੍ਹਾਂ ਵਿਚੋਂ 328 ਵਪਾਰਕ ਮਾਤਰਾ ਵਾਲੇ ਕੇਸ ਹਨ |
ਇਥੇ ਅਪਣੀ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਦਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਨਾਕਾਬੰਦੀ ਕਰਕੇ ਅਤੇ ਤਲਾਸ਼ੀ ਮੁਹਿੰਮ ਚਲਾ ਕੇ 175 ਕਿਲੋ ਹੈਰੋਇਨ ਬਰਾਮਦ ਕੀਤੀ ਹੈ | ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ , ਜਿਸ ਨਾਲ ਸਿਰਫ਼ ਦੋ ਮਹੀਨਿਆਂ ਵਿਚ ਹੈਰੋਇਨ ਦੀ ਕੁਲ ਪ੍ਰਭਾਵੀ ਰਿਕਵਰੀ 322.5 ਕਿਲੋ ਹੋ ਗਈ ਹੈ |
ਆਈ.ਜੀ.ਪੀ. ਨੇ ਦਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਸੂਬੇ ਭਰ ਵਿਚੋਂ 167 ਕਿਲੋ ਅਫੀਮ, 145 ਕਿਲੋ ਗਾਂਜਾ, 222 ਕੁਇੰਟਲ ਭੁੱਕੀ ਅਤੇ 16.90 ਲੱਖ ਮੈਡੀਕਲ ਨਸ਼ੇ ਜਿਨ੍ਹਾਂ ਵਿਚ ਗੋਲੀਆਂ/ਕੈਪਸੂਲ /ਟੀਕੇ/ ਸ਼ੀਸ਼ੀਆਂ ਸ਼ਾਮਲ ਹਨ, ਵੀ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਨ੍ਹਾਂ ਦੋ ਮਹੀਨਿਆਂ ਵਿਚ ਗਿ੍ਫ਼ਤਾਰ ਕੀੇਤੇ ਨਸ਼ਾ ਤਸਕਰਾਂ ਕੋਲੋਂ 2.73 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ | ਪਿਛਲੇ ਹਫ਼ਤੇ ਪੁਲਿਸ ਨੇ 326 ਐਫ਼.ਆਈ.ਆਰਜ਼, ਜਿਨ੍ਹਾਂ ਵਿਚ 42 ਵਪਾਰਕ ਮਾਤਰਾ ਨਾਲ ਸਬੰਧਤ ਹਨ, ਦਰਜ ਕਰ ਕੇ 418 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ 48 ਕਿਲੋ ਹੈਰੋਇਨ, 24 ਕਿਲੋ ਅਫ਼ੀਮ, 21 ਕਿਲੋ ਗਾਂਜਾ, 9 ਕੁਇੰਟਲ ਭੁੱਕੀ ਅਤੇ 85374 ਗੋਲੀਆਂ/ ਕੈਪਸੂਲਾਂ/ ਕੈਪਸੂਲ ਨਸ਼ੀਲੀਆਂ ਦਵਾਈਆਂ ਬਰਾਮਦ ਤੋਂ ਇਲਾਵਾ 13.78 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ |
ਉਨ੍ਹਾਂ ਕਿਹਾ ਕਿ ਭਗੌੜਿਆਂ ਨੂੰ ਗਿ੍ਫ਼ਤਾਰ ਕਰਨ ਦੀ ਵਿਸ਼ੇਸ਼ ਮੁਹਿੰਮ ਤਹਿਤ ਇਸ ਹਫਤੇ ਐਨ.ਡੀ.ਪੀ.ਐਸ. ਕੇਸਾਂ ਵਿਚ 16 ਹੋਰ ਭਗੌੜਿਆਂ ਨੂੰ ਗਿ੍ਫਤਾਰ ਕੀਤੇ ਜਾਣ ਨਾਲ ਗਿ੍ਫਤਾਰੀਆਂ ਦੀ ਕੁੱਲ ਗਿਣਤੀ 263 ਹੋ ਗਈ ਹੈ |