
ਆਈਜੀ ਬਠਿੰਡਾ ਨੇ ਨੋਟਿਸ ਭੇਜ ਕੇ ਮੰਗਿਆ ਜਵਾਬ...
ਬਠਿੰਡਾ : ਇੰਝ ਜਾਪਦਾ ਹੈ ਕਿ ਹਾਲੇ ਕੁਝ ਪੁਲਿਸ ਵਾਲਿਆਂ ਤੋਂ ਅਕਾਲੀ ਦਲ ਦਾ ਰੰਗ ਪੂਰੀ ਤਰ੍ਹਾਂ ਨਹੀਂ ਉਤਰ ਸਕਿਆ। ਅਜਿਹਾ ਹੀ ਕੁਝ ਬਠਿੰਡਾ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਬਠਿੰਡਾ ਦੇ ਡੀਐਸਪੀ ਕਰਨ ਸ਼ੇਰ ਸਿੰਘ ਨੇ ਆਨ ਡਿਊਟੀ ਵਰਦੀ ਵਿਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਪੈਰੀਂ ਹੱਥ ਲਗਾਏ।
Sukhbir Singh Badal
ਸੁਖਬੀਰ ਬਾਦਲ ਦੇ ਪੈਰੀਂ ਹੱਥ ਲਗਾਉਣੇ ਹੁਣ ਇਸ ਡੀਐਸਪੀ ਨੂੰ ਮਹਿੰਗੇ ਪੈਂਦੇ ਨਜ਼ਰ ਆ ਰਹੇ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਪੁਲਿਸ ਦੇ ਆਈਜੀ ਐਮਐਫ ਫਾਰੂਕੀ ਨੇ ਡੀਐਸਪੀ ਕਰਨ ਸ਼ੇਰ ਸਿੰਘ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਫਾਰੂਕੀ ਦਾ ਕਹਿਣਾ ਹੈ ਕਿ ਵਰਦੀ ਵਿਚ ਕਿਸੇ ਸਿਆਸੀ ਆਗੂ ਦੇ ਪੈਰੀਂ ਪੈਣਾ ਨਿਯਮਾਂ ਦੀ ਉਲੰਘਣਾ ਹੈ।
Election Commission of India
ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਸਾਰੀ ਜਾਣਕਾਰੀ ਚੋਣ ਕਮਿਸ਼ਨ ਨੂੰ ਭੇਜ ਦਿਤੀ ਹੈ। ਦਸ ਦਈਏ ਕਿ ਇਹ ਤਸਵੀਰ ਉਸ ਸਮੇਂ ਕੈਮਰੇ ਵਿਚ ਕੈਦ ਹੋ ਗਈ ਜਦੋਂ ਬੀਤੇ ਦਿਨ ਸੁਖਬੀਰ ਬਾਦਲ ਬਠਿੰਡਾ ਵਿਚ ਇਕ ਮੀਟਿੰਗ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ। ਆਨ ਡਿਊਟੀ ਡੀਐਸਪੀ ਵਲੋਂ ਅਜਿਹਾ ਕੀਤੇ ਜਾਣ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।