
ਸਿੰਚਾਈ ਮਕਸਦਾਂ ਲਈ ਪਾਣੀ ਨੂੰ ਸੋਧਣ ਵਾਸਤੇ ਫਰਾਂਸ ਦੇ ਰਾਜਦੂਤ ਤੋਂ ਸੁਝਾਵਾਂ ਦੀ ਵੀ ਮੰਗ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ ਸੰਭਾਲ ਤੇ ਸ਼ੁੱਧੀਕਰਨ, ਸਮਾਰਟ ਸ਼ਹਿਰਾਂ ਦੇ ਵਿਕਾਸ ਅਤੇ ਵਿਰਾਸਤੀ ਸੈਰ-ਸਪਾਟੇ ਨੂੰ ਬੜ੍ਹਵਾ ਦੇਣ ਵਾਲੇ ਖੇਤਰਾਂ ਵਿਚ ਨਵੀਂ ਉਭਰ ਰਹੀ ਤਕਨਾਲੋਜੀ ਦੇ ਸਬੰਧ ਵਿਚ ਪੰਜਾਬ ਸਰਕਾਰ ਦਾ ਰਣਨੀਤਕ ਗਠਜੋੜ ਪੈਦਾ ਕਰਨ ਲਈ ਫਰਾਂਸ ਦੇ ਭਾਰਤ ਵਿਚ ਰਾਜਦੂਤ ਐਲੈਕਜ਼ੈਂਡਰ ਜ਼ੈਗਲਰ ਨੂੰ ਆਖਿਆ ਹੈ। ਮੁੱਖ ਮੰਤਰੀ ਦੇ ਇਹ ਸੁਝਾਅ ਫਰਾਂਸ ਦੇ ਰਾਜਦੂਤ ਦੀ ਅਗਵਾਈ ਵਿਚ ਇੱਕ ਉੱਚ ਪੱਧਰੀ ਵਫ਼ਦ ਨਾਲ ਮੀਟਿੰਗ ਦੌਰਾਨ ਸਾਹਮਣੇ ਆਏ ਜਦੋਂ ਇਹ ਵਫ਼ਦ ਉਨ੍ਹਾਂ ਨੂੰ ਅੱਜ ਇੱਥੇ ਮਿਲਣ ਆਇਆ।
Captain seeks collaboration with France in Water management, Heritage Tourism, Food Processing
ਮੁੱਖ ਮੰਤਰੀ ਨੇ ਟੈਕਸਟਾਈਲ ਅਤੇ ਚਮੜਾ ਉਦਯੋਗ ਤੋਂ ਇਲਾਵਾ ਫਾਰਮਾਸੂਟੀਕਲ, ਖੁਰਾਕ ਤੇ ਡੇਅਰੀ ਪ੍ਰੋਸੈਸਿੰਗ ਉਦਯੋਗ ਦੇ ਖੇਤਰਾਂ ਵਿਚ ਫਰਾਂਸ ਦੀਆਂ ਉੱਘੀਆਂ ਕੰਪਨੀਆਂ ਨਾਲ ਸਹਿਯੋਗ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਰਤਪੱਖੀ ਨੀਤੀਆਂ ਹਨ ਅਤੇ ਇੱਥੇ ਵਾਜਬ ਦਰਾਂ ਤੇ ਬਿਨਾਂ ਅੜਚਨ ਬਿਜਲੀ ਅਤੇ ਹੋਰ ਵਧੀਆ ਵਿੱਤੀ ਫਾਈਦੇ ਉਪਲਬੱਧ ਹਨ। ਮੁੱਖ ਮੰਤਰੀ ਨੇ ਦੌਰੇ 'ਤੇ ਆਏ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿਚ ਕੋਈ ਵੀ ਉਦਮ ਸ਼ੁਰੂ ਕਰਨ ਲਈ ਪੂਰਾ ਸਮਰਥਨ ਦੇਵੇਗੀ।
ਸੂਬੇ ਵਿਚ ਪਾਣੀ ਦੀ ਸਥਿਤੀ ਉਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਫਰਾਂਸ ਦੇ ਰਾਜਦੂਤ ਕੋਲੋਂ ਪਾਣੀ ਨੂੰ ਸੋਧਣ ਸਬੰਧੀ ਪਾਏਦਾਰ ਸੁਝਾਅ ਮੰਗੇ ਤਾਂ ਜੋ ਇਸ ਨੂੰ ਸਿੰਚਾਈ ਮਕਸਦਾਂ ਲਈ ਵਰਤਿਆ ਜਾ ਸਕੇ। ਇਸ ਸਬੰਧ ਵਿਚ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਇਜ਼ਰਾਈਲ ਦੀ ਇੱਕ ਜਲ ਤਕਨਾਲੋਜੀ ਕੰਪਨੀ ਪਹਿਲਾਂ ਹੀ ਸੂਬੇ ਵਿਚ ਕਿਸਾਨਾਂ ਲਈ ਫੁਆਰਾ ਸਿੰਚਾਈ ਤਕਨੀਕ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।
ਫਰਾਂਸ ਦੇ ਨਾਲ ਪੰਜਾਬ ਦੇ ਮਜ਼ਬੂਤ ਫੌਜੀ ਸਬੰਧਾਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਰਾਂਸ ਦਾ ਉੱਘਾ ਜਰਨੈਲ ਜੀਨ ਫਰੈਨਕੋਈਸ ਐਲਾਰਡ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ-ਏ-ਖਾਸ ਦੀ ਕੈਵਲਰੀ ਦਾ ਮੁਖੀ ਸੀ। ਉਨ੍ਹਾਂ ਦੱਸਿਆ ਕਿ ਜਰਨਲ ਐਲਾਰਡ ਦਾ ਇੱਕ ਬੁੱਤ ਹਾਲ ਹੀ ਵਿਚ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿੱਚ ਸਥਾਪਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਸਾਲ ਦਸੰਬਰ ਦੇ ਪਹਿਲੇ ਹਫਤੇ ਹੋ ਰਹੇ ਪ੍ਰਸਤਾਵਿਤ ਨਿਵੇਸ਼ ਸੰਮੇਲਨ ਦੇ ਟੈਕਨੀਕਲ ਸੈਸ਼ਨਾਂ ਵਿਚ ਸ਼ਮੂਲੀਅਤ ਕਰਨ ਲਈ ਫਰਾਂਸ ਦੇ ਰਾਜਦੂਤ ਨੂੰ ਸੱਦਾ ਦਿੱਤਾ।
ਉਨ੍ਹਾਂ ਨੇ ਇਸ ਸੰਮੇਲਨ ਦੌਰਾਨ ਫਰਾਂਸ ਦੇ ਉੱਘੇ ਉਦਯੋਗਪਤੀਆਂ ਅਤੇ ਉਦਮੀਆਂ ਨੂੰ ਵੀ ਲਿਆਉਣ ਦੀ ਰਾਜਦੂਤ ਨੂੰ ਅਪੀਲ ਕੀਤੀ ਤਾਂ ਜੋ ਉਹ ਭਾਰਤ ਤੇ ਖਾਸ ਤੌਰ 'ਤੇ ਪੰਜਾਬ ਦੇ ਉਦਯੋਗਪਤੀਆਂ ਨਾਲ ਵਿਚਾਰ-ਵਿਮਰਸ਼ ਕਰ ਸਕਣ। ਰਾਜਦੂਤ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਦਯੋਗਪਤੀਆਂ ਦਾ ਇੱਕ ਵਫ਼ਦ ਭੇਜਣ ਵਾਸਤੇ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰਨਗੇ।
Captain seeks collaboration with France in Water management, Heritage Tourism, Food Processing
ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਕਿ ਫਰਾਂਸ ਦੀਆਂ ਕੁਝ ਕੰਪਨੀਆਂ ਪਹਿਲਾਂ ਹੀ ਚੰਡੀਗੜ੍ਹ ਵਿਚ ਸ਼ਾਨੇਮੱਤੇ ਸਮਾਰਟ ਸਿੱਟੀ ਪ੍ਰਾਜੈਕਟ ਨੂੰ ਲਾਗੂ ਕਰਨ ਵਿਚ ਸ਼ਾਮਲ ਹਨ। ਇਹ ਯੂ.ਟੀ. ਪ੍ਰਸ਼ਾਸਨ ਦੀ ਭਾਈਵਾਲੀ ਨਾਲ ਆਪਣਾ ਕੰਮ ਕਰ ਰਹੀਆਂ ਹਨ। ਰਾਜਦੂਤ ਨੇ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿਚ ਇਸੇ ਤਰ੍ਹਾਂ ਦੇ ਪ੍ਰਾਜੈਕਟਾਂ ਨਾਲ ਜੁੜਣ ਦੀ ਉਤਸੁਕਤਾ ਵੀ ਪ੍ਰਗਟਾਈ ਕਿਉਂਕਿ ਇਹ ਸ਼ਹਿਰ ਵੀ ਸਮਾਰਟ ਸਿਟੀ ਸਕੀਮ ਹੇਠ ਲਿਆਂਦੇ ਗਏ ਹਨ।
ਇਸ ਦੌਰਾਨ ਇਨ੍ਹਾਂ ਆਗੂਆਂ ਨੇ ਇਸ ਗੱਲ ਤੇ ਵੀ ਸਹਿਮਤੀ ਪ੍ਰਗਟਾਈ ਕਿ ਇਸ ਸਾਂਝੀ ਮੀਟਿੰਗ ਭਾਰਤ-ਫਰਾਂਸ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਨਾਲ ਨਿਵੇਸ਼ ਸਮਰਥਾ ਦੀ ਰੂਪ ਰੇਖਾ ਬਾਰੇ ਛੇਤੀ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਨੇ ਰਾਜਦੂਤ ਨੂੰ ਆਪਣੀ ਪੁਸਤਕ 'ਦੀ ਲਾਸਟ ਸਨਸੈਟ' ਭੇਟ ਕੀਤੀ। ਇਹ ਪੁਸਤਕ ਸਿੱਖ ਸਾਮਰਾਜ ਦੇ ਉਥਾਨ ਅਤੇ ਪਤਨ ਨਾਲ ਸਬੰਧਤ ਹੈ। ਇਸ ਵਿਚ ਐਂਗਲੋ-ਸਿੱਖ ਜੰਗ ਅਤੇ ਮਹਾਰਾਜਾ ਦੁਲੀਪ ਸਿੰਘ ਦੀ ਜਲਾਵਤਨੀ ਨਾਲ ਸਬੰਧਤ ਘਟਨਾਵਾਂ ਵੀ ਹਨ।
ਮੀਟਿੰਗ ਵਿਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਅਤੇ ਉਦਯੋਗ ਤੇ ਕਮਰਸ ਵਿਸਵਜੀਤ ਖੰਨਾ, ਸੀ.ਈ.ਓ ਪੰਜਾਬ ਬਿਓਰੋ ਆਫ ਇੰਵੈਸਟਮੈਂਟ ਪ੍ਰੋਮੋਸ਼ਨ ਰਜਤ ਅਗਰਵਾਲ ਵੀ ਸ਼ਾਮਲ ਸਨ। ਦੌਰੇ 'ਤੇ ਆਏ ਵਫ਼ਦ ਵਿਚ ਮਨਿਸਟਰ ਕਾਉਂਸਲਰ ਅਤੇ ਹੈਡ ਆਫ ਰਿਜਨਲ ਇਕਨੋਮੀਕਲ ਸਰਵਿਸ ਫਾਰ ਸਾਊਥ ਏਸ਼ੀਆ ਜੀਨ-ਮਾਰਕ ਫੈਨੇਟ ਤੋਂ ਇਲਾਵਾ ਭਾਰਤ-ਫਰਾਂਸ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਫਰਾਂਸ ਦੀਆਂ ਕੰਪਨੀਆਂ ਜੇ.ਸੀ. ਡੀਕੋਕਸ, ਸੋਸਾਇਟੀ ਜੈਨਰਲੀ, ਲੀਗ੍ਰੈਂਡ ਇੰਡੀਆ, ਪੋਮਾ ਇੰਡੀਆ, ਏ.ਐਫ.ਡੀ ਅਤੇ ਸੂਜ਼ ਇੰਡੀਆ ਦੇ ਨੁਮਾਇੰਦੇ ਵੀ ਸ਼ਾਮਲ ਸਨ।