
ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੇ ਸਿੱਖ ਉਮੀਦਵਾਰਾਂ ਨੂੰ ਰਿਪੋਰਟਿੰਗ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚਣਾ ਪਵੇਗਾ
ਇਕ ਘੰਟਾ ਪਹਿਲਾਂ ਪਹੁੰਚਣਾ ਪਵੇਗਾ
ਚੰਡੀਗੜ੍ਹ, 7 ਸਤੰਬਰ (ਨਰਿੰਦਰ ਸਿੰਘ ਝਾਂਮਪੁਰ) : ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਬਿਆਨ ਜਾਰੀ ਕੀਤਾ ਹੈ ਕਿ 12 ਸਤੰਬਰ 2021 ਨੂੰ ਹੋਣ ਵਾਲੀ ਐਚਸੀਐਸ (ਕਾਰਜਕਾਰੀ ਸ਼ਾਖਾ) ਅਤੇ ਸਹਿਯੋਗੀ ਸੇਵਾਵਾਂ ਦੀ ਮੁਢਲੀ ਪ੍ਰੀਖਿਆ ਦੌਰਾਨ, ਸਿੱਖ ਉਮੀਦਵਾਰ ਜੋ ਪ੍ਰੀਖਿਆ ਕੇਂਦਰ 'ਚ ਕੜਾ ਅਤੇ ਕਿਰਪਾਨ ਲੈ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰਿਪੋਰਟਿੰਗ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚਣਾ ਪਵੇਗਾ |
ਅਜਿਹੇ ਉਮੀਦਵਾਰਾਂ ਨੂੰ ਸਬੰਧਤ ਪ੍ਰੀਖਿਆ ਕੇਂਦਰ ਵਿਚ ਡਿਊਟੀ 'ਤੇ ਅਥਾਰਟੀ ਨੂੰ ਉਨ੍ਹਾਂ ਦੇ ਕੜਾ ਅਤੇ ਕਿਰਪਾਨ ਦੀ ਜਾਂਚ ਕਰਵਾਉਣੀ ਹੋਵੇਗੀ ਤਾਂ ਜੋ ਕੋਈ ਵੀ ਸ਼ੱਕੀ ਇਲੈਕਟ੍ਰਾਨਿਕ ਜਾਂ ਹੋਰ ਉਪਕਰਨ ਅੰਦਰ ਨਾ ਲਿਜਾਇਆ ਜਾ ਸਕੇ | ਜੇਕਰ ਕਿਸੇ ਤੋਂ ਵੀ ਅਜਿਹਾ ਸ਼ੱਕੀ ਉਪਕਰਨ ਮਿਲਿਆ ਤਾਂ ਉਸ ਧਾਰਮਕ ਚਿੰਨ੍ਹ ਨੂੰ ਪ੍ਰੀਖਿਆ ਕੇਂਦਰ ਵਿਚ ਲਿਜਾਣ ਤੋਂ ਰੋਕ ਦਿਤਾ ਜਾਵੇਗਾ | ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜੇਕਰ ਉਪਰੋਕਤ ਧਾਰਮਕ ਚਿੰਨ੍ਹ ਵਾਲਾ ਉਮੀਦਵਾਰ ਰਿਪੋਰਟਿੰਗ ਸਮੇਂ ਤੋਂ ਇਕ ਘੰਟਾ ਪਹਿਲਾਂ ਨਹੀਂ ਪਹੁੰਚਦਾ ਜਾਂ ਪ੍ਰੀਖਿਆ ਕੇਂਦਰ ਵਿਚ ਤਾਇਨਾਤ ਸਟਾਫ਼ ਦਾ ਸਾਥ ਨਹੀਂ ਦਿੰਦਾ ਤਾਂ ਉਸ ਨੂੰ ਪ੍ਰੀਖਿਆ ਵਿਚ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ | ਯਾਦ ਰਹੇ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਸਿੱਖ ਆਗੂਆਂ ਨੇ ਇਹ ਮੁੱਦਾ ਬਹੁਤ ਜ਼ੋਰ ਨਾਲ ਚੁਕਿਆ ਸੀ |