
ਪੀੜਤ ਪਰਵਾਰਾਂ ਨੇ ਜੋੜਾ ਫਾਟਕ ਨੇੜੇ ਧਰਨਾ ਦਿੱਤਾ
ਅੰਮ੍ਰਿਤਸਰ : ਪੂਰੇ ਦੇਸ਼ 'ਚ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਵੱਖ-ਵੱਖ ਥਾਵਾਂ 'ਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ ਪਰ ਪੀੜਤਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ। ਪੀੜਤ ਪਰਵਾਰਾਂ ਵਲੋਂ ਅੱਜ ਜੋੜਾ ਫਾਟਕ ਨੇੜੇ ਧਰਨਾ ਦਿੱਤਾ ਗਿਆ। ਇਸ ਮੌਕੇ ਲੋਕ ਰੇਲਵੇ ਫਾਟਕ ਵੱਲ ਵਧ ਰਹੇ ਸਨ ਪਰ ਪੁਲਿਸ ਨੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਦਿੱਤਾ। ਲੋਕ ਸੜਕ ਉੱਪਰ ਹੀ ਧਰਨਾ ਲਾ ਕੇ ਬੈਠ ਗਏ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਜਾਣ।
Amritsar rail tragedy: Victims family protest
ਇਸ ਮੌਕੇ ਧਰਨੇ 'ਤੇ ਬੈਠੇ ਲੋਕਾਂ ਨੇ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਨ੍ਹਾਂ ਨੂੰ ਟ੍ਰੈਕ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਉਹ ਆਪਣੀ ਜਾਨ ਦੇ ਦੇਣਗੇ। ਸਿਆਸੀ ਪਾਰਟੀਆਂ ਦੇ ਨੇਤਾ ਵੀ ਜੋੜਾ ਫਾਟਕ 'ਤੇ ਧਰਨਾ ਦੇ ਰਹੇ ਲੋਕਾਂ ਕੋਲ ਪਹੁੰਚੇ। ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਧਰਨੇ ਵਿਚ ਪੁੱਜੇ। ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧਰਨੇ ਵਿਚ ਪਹੁੰਚ ਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਜੋ ਲੋਕ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ।
Amritsar rail tragedy: Victims family protest
ਸੁਖਪਾਲ ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਪਿਛਲੇ ਇਕ ਸਾਲ 'ਚ ਜਾਂਚ ਰਿਪੋਰਟ ਹੀ ਨਹੀਂ ਦਾਖਲ ਕੀਤੀ ਤੇ ਲੋਕਾਂ ਨੂੰ ਇਨਸਾਫ਼ ਕਿਵੇਂ ਮਿਲੇਗਾ। ਦੂਜੇ ਪਾਸੇ ਪੁਲਿਸ ਨੇ ਜੋੜਾ ਫਾਟਕ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ।
Amritsar rail tragedy: Victims family protest
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੁਸ਼ਹਿਰੇ ਵਾਲੇ ਦਿਨ ਅੰਮ੍ਰਿਤਸਰ 'ਚ ਵਾਪਰੇ ਰੇਲ ਹਾਦਸੇ ਨੇ ਦੇਸ਼ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਹਾਦਸੇ ਦੇ ਕਰੀਬ 60 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਸਨ ਪਰ ਪੀੜਤ ਪਰਵਾਰਾਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ।
Amritsar rail tragedy: Victims family protest