
ਰਮੇਸ਼ ਬਿਧੁਰੀ ਵੱਲੋਂ ਦਿੱਤੇ ਗਏ ਗਲਤ ਬਿਆਨ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਸੀ ਹਰਸ਼ਰਨ ਬੱਲੀ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖਿਲਾਫ ਭਾਜਪਾ ਆਗੂਆਂ ਵੱਲੋਂ ਲਗਾਤਾਰ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੁਰੀ ਵੱਲ਼ੋਂ ਵੀ ਕਿਸਾਨਾਂ ਵਿਰੁੱਧ ਗਲਤ ਸ਼ਬਦਾਵਲੀ ਵਰਤੀ ਗਈ।
Harsharan Balli
ਰਮੇਸ਼ ਬਿਧੁਰੀ ਵੱਲੋਂ ਦਿੱਤੇ ਗਏ ਗਲਤ ਬਿਆਨ ਦੇ ਚਲਦਿਆਂ ਦਿੱਲੀ ‘ਚ ਪੰਜਾਬੀ ਅਕਾਦਮੀ ਦੇ ਚੇਅਰਮੈਨ ਹਰਸ਼ਰਨ ਬੱਲੀ ਅੱਜ ਉਹਨਾਂ ਦਾ ਘਿਰਾਓ ਕਰਨ ਜਾ ਰਹੇ ਸਨ। ਪਰ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ। ਵਿਰੋਧ ਮਾਰਚ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਹਰਸ਼ਰਨ ਬੱਲੀ ਨੇ ਕਿਹਾ ਸੀ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਉਹ ਰੁਕਣਗੇ ਨਹੀਂ।
Ramesh Bidhuri
ਉਹਨਾਂ ਕਿਹਾ ਮੈਂ ਅੰਦੋਲਨ ‘ਚੋਂ ਪੈਦਾ ਹੋਇਆ ਹਾਂ ਤੇ ਅੰਦੋਲਨ ਲਈ ਹੀ ਮਰਾਂਗਾ। ਹਰਸ਼ਰਨ ਬੱਲੀ ਨੇ ਕਿਹਾ ਕਿ ਕਿਸਾਨਾਂ ਖਿਲਾਫ ਕੋਈ ਗਲਤ ਬੋਲੇ ਇਹ ਮੈਂ ਬਰਦਾਸ਼ਤ ਨਹੀਂ ਕਰਾਂਗਾ। ਉਹ ਹੱਥ ਵਿਚ ਝੰਡਾ ਲੈ ਕੇ ਰਵਾਨਾ ਹੋਏ। ਇਸ ਸਬੰਧੀ ਦਿਗਵਿਜੇ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਹਰਸ਼ਰਨ ਸਿੰਘ ਬੱਲੀ ਭਾਜਪਾ ਆਗੂ ਰਮੇਸ਼ ਬਿਧੁਰੀ ਵਿਰੁੱਧ ਹੱਥ ‘ਚ ਤਰੰਗਾ ਲੈ ਕੇ ਮਾਰਚ ਕਰਨ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ।
Delhi Police
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਹਰਸ਼ਰਨ ਬੱਲੀ ਨੇ ਦੱਸਿਆ ਕਿ ਉਹਨਾਂ ਨੂੰ ਪੁਲਿਸ ਰਮੇਸ਼ ਬਿਧੁਰੀ ਦੇ ਘਰ ਨਹੀਂ ਜਾਣ ਦੇ ਰਹੀ ਤੇ ਪੁਲਿਸ ਉਹਨਾਂ ਨੂੰ ਘੇਰੀ ਖੜ੍ਹੀ ਹੈ। ਉਹਨਾਂ ਦੱਸਿਆ ਕਿ ਰਮੇਸ਼ ਬਿਧੁਰੀ ਨੇ ਕਿਸਾਨਾਂ ਨੂੰ ਪਾਕਿਸਤਾਨੀ ਏਜੰਟ ਦੱਸਿਆ ਸੀ ਤੇ ਕਿਸਾਨਾਂ ਦੇ ਲੰਗਰ ‘ਤੇ ਵੀ ਸਵਾਲ ਚੁੱਕੇ ਸੀ।
Harsharan Balli
ਹਰਸ਼ਰਨ ਬੱਲੀ ਨੇ ਪ੍ਰੈੱਸ ਕਾਨਫਰੰਸ ਕਰਕੇ ਰਮੇਸ਼ ਬਿਧੁਰੀ ਨੂੰ 48 ਘੰਟਿਆਂ ਵਿਚ ਮੁਆਫੀ ਮੰਗਣ ਦਾ ਨੋਟਿਸ ਜਾਰੀ ਕੀਤਾ ਸੀ। ਉਹਨਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਰਮੇਸ਼ ਬਿਧੁਰੀ ਨੇ ਮੁਆਫੀ ਨਹੀਂ ਮੰਗੀ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੇ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ।
Police detain Harsharan Bali
ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਵਿਚ ਧਾਰਾ 144 ਲੱਗੀ ਹੋਈ ਹੈ, ਇਸ ਲਈ ਹਰਸ਼ਰਨ ਬੱਲੀ ਸੜਕ ‘ਤੇ ਹੀ ਬੈਠੇ ਹਨ। ਪੁਲਿਸ ਨੇ ਹਰਸ਼ਰਨ ਸਿੰਘ ਬੱਲੀ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਕਰੀਬ 50 ਪੁਲਿਸ ਕਰਮੀ ਉਹਨਾਂ ਨੂੰ ਘੇਰੀ ਖੜ੍ਹੇ ਹਨ। ਹਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਰਮੇਸ਼ ਬਿਧੁਰੀ ਦਾ ਘਿਰਾਓ ਨਹੀਂ ਕਰ ਲੈਂਦੇ, ਉਦੋਂ ਤੱਕ ਇੱਥੇ ਹੀ ਬੈਠੇ ਰਹਿਣਗੇ। ਉਹਨਾਂ ਕਿਹਾ ਕਿ ਪੁਲਿਸ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ।
Police detain Harsharan Bali
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਜਪਾ ਆਗੂ ਰਮੇਸ਼ ਬਿਧੁਰੀ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਕਹਿ ਰਹੇ ਸੀ ਕਿ ਬਾਰਡਰ ‘ਤੇ ਬੈਠੇ ਕਿਸਾਨਾਂ ਨੂੰ ਕੈਨੇਡਾ ਅਤੇ ਪਾਕਿਸਤਾਨ ਤੋਂ ਆਏ ਪੈਸਿਆਂ ਨਾਲ ਮੁਫਤ ਵਿਚ ਖਾਣਾ, ਗਰਮ ਪਾਣੀ ਤੇ ਰਜਾਈਆਂ ਮਿਲ ਰਹੀਆਂ ਹਨ। ਉਹਨਾਂ ਦੇ ਇਸ ਬਿਆਨ ਦਾ ਆਮ ਆਦਪੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।