
ਸਿੱਖਿਆ ਵਿਭਾਗ ਪੰਜਾਬ ਲਗਾਤਾਰ ਮਜ਼ਾਕ ਦਾ ਪਾਤਰ ਬਣਦਾ ਆ ਰਿਹਾ ਹੈ।
ਮਾਨਸਾ: ਸਿੱਖਿਆ ਵਿਭਾਗ ਪੰਜਾਬ ਲਗਾਤਾਰ ਮਜ਼ਾਕ ਦਾ ਪਾਤਰ ਬਣਦਾ ਆ ਰਿਹਾ ਹੈ, ਹੁਣ ਤਾਜ਼ਾ ਮਾਮਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੌਥੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਨੂੰ ਲੈ ਕੇ ਹੈ, ਜਿੱਥੇ ਸ਼ਹੀਦਾਂ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ।
ਕਿਤਾਬ ਦੇ ਤੀਜੇ ਪਾਠ ਵਿਚ ਸ਼ਹੀਦ ਸੁਖਦੇਵ ਸਿੰਘ ਬਾਰੇ ਦੱਸਿਆ ਗਿਆ ਹੈ, ਜਦਕਿ ਫੋਟੋ ਰਾਜਗੁਰੂ ਦੀ ਲਗਾਈ ਗਈ ਹੈ। ਉਸ ‘ਤੇ ਲਿਖਿਆ ਹੈ ਬਾਲ ਸੁਖਦੇਵ। ਇਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦਾ ਭਵਿੱਖ ਬੱਚਿਆਂ ਨੂੰ ਸਿੱਖਿਆ ਵਿਭਾਗ ਕਿਹੋ ਜਿਹੀ ਜਾਣਕਾਰੀ ਦੇ ਰਿਹਾ ਹੈ।
ਮਾਨਸਾ ਵਿਚ ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਆਪਣੀਆਂ ਗਲਤੀਆਂ ਕਾਰਨ ਚਰਚਾ ਵਿਚ ਹੈ, ਜੇਕਰ ਕਿਸੇ ਅਧਿਆਪਕ ਤੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਸਿੱਖਿਆ ਵਿਭਾਗ ਮਾਮੂਲੀ ਗਲਤੀ ‘ਤੇ ਵੀ ਸਖ਼ਤ ਸਜ਼ਾ ਦਿੰਦਾ ਹੈ, ਹੁਣ ਜਦੋਂ ਵਿਭਾਗ ਤੋਂ ਗਲਤੀ ਹੋਈ ਹੈ ਤਾਂ ਸਬੰਧਿਤ ਅਧਿਕਾਰੀਆਂ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਮੈਨੇਜਰ ਨੇ ਇਸ ਮਾਮਲੇ ‘ਤੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਉਹ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਚਿੱਠੀ ਲਿਖਣਗੇ। ਇਹਨਾਂ ਸਭ ਘਟਨਾਵਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਕਿੰਨਾ ਗੰਭੀਰ ਹੈ।