ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨਏਡਿਡ ਸਕੂਲਜ਼ ਪੰਜਾਬ ਵਲੋਂ ਚੀਫ਼ ਖ਼ਾਲਸਾ ਦੀਵਾਨ ਸੁਸਇਟੀ ਤਹਿਤ ਚਲ ਰਹੇ ਸਕੂਲਾਂ ਨੂੰ ਵੱਡਾ ਝਟਕਾ ਦਿਤਾ ਗਿਆ ਹੈ...........
ਚੰਡੀਗੜ : ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨਏਡਿਡ ਸਕੂਲਜ਼ ਪੰਜਾਬ ਵਲੋਂ ਚੀਫ਼ ਖ਼ਾਲਸਾ ਦੀਵਾਨ ਸੁਸਇਟੀ ਤਹਿਤ ਚਲ ਰਹੇ ਸਕੂਲਾਂ ਨੂੰ ਵੱਡਾ ਝਟਕਾ ਦਿਤਾ ਗਿਆ ਹੈ। ਕਮੇਟੀ ਵਲੋਂ ਉਕਤ ਸੁਸਇਟੀ ਵਲੋਂ ਪੰਜਾਬ ਵਿੱਚ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ 45 ਸਕੂਲਾਂ ਵੱਲੋਂ ਉਗਰਾਹੇ ਗਏ ਵਿਕਾਸ ਫ਼ੰਡ ਨੂੰ ਗ਼ੈਰਕਨੂੰਨੀ, ਨਾਜਾਇਜ਼ ਅਤੇ ਜਬਰੀ ਵਸੂਲੇ ਗਏ ਕਰਾਰ ਦੇ ਦਿਤਾ ਗਿਆ ਹੈ।
ਇਸ ਆਧਾਰ ਉਤੇ ਜਲੰਧਰ ਮੰਡਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪੱਤਰ ( ਨੰਬਰ-ਪੀ.ਏ. ਨੰ: 5499-23 ਮਿਤੀ 18-07-2018) ਰਾਹੀਂ ਸੁਸਇਟੀ ਨੂੰ ਇਹ ਕਰੀਬ 15 ਕਰੋੜ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੋੜਨ ਦੇ ਹੁਕਮ ਦਿੱਤੇ ਹਨ। ਇਸ ਨਾਲ ਕਰੀਬ 60000 ਪਰਵਾਰਾਂ ਨੂੰ ਰਾਹਤ ਮਿਲੇਗੀ। ਸੋਸ਼ਲਿਸਟ ਪਾਰਟੀ (ਇੰਡੀਆ) ਦੇ ਸਹਿਯੋਗ ਨਾਲ ਜ਼ਿਲ੍ਹਾ ਸਿੱਖਿਆ ਮੰਚ ਹੁਸ਼ਿਆਰਪੁਰ, ਜਿਸ ਨੇ ਇਹ ਜਦੋਜਹਿਦ ਕੀਤੀ, ਦੇ ਅਹੁਦੇਦਾਰਾਂ ਲਖਵਿੰਦਰ ਸਿੰਘ ਪ੍ਰਧਾਨ ਨੇ ਕਮਿਸ਼ਨਰ ਦੇ ਉਕਤ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਅਤੇ ਅਣਗਹਿਲੀ ਹੋਣ 'ਤੇ ਮਾਨਤਾ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ।। ਸੋਸ਼ਲਿਸਟ ਪਾਰਟੀ ਦੇ ਨੇਤਾ ਬਲਵੰਤ ਸਿੰਘ ਖੇੜਾ ਨੇ ਸਿੱਖਿਆ ਅਧਿਕਾਰ ਮੰਚ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ 'ਫ਼ੀਸ ਕਮੇਟੀ ਫ਼ਾਰ ਪ੍ਰਾਈਵੇਟ ਅਨ ਏਡਿਡ ਸਕੂਲਜ਼' ਦੇ ਚੇਅਰਮੈਨ ਜਸਟਿਸ ਅਮਰ ਦੱਤ ਸ਼ਰਮਾ ਨੇ ਪੰਜ ਸਾਲ ਸੁਣਵਾਈ ਉਪਰੰਤ ਇਹ ਫ਼ੈਸਲਾ ਦਿੱਤਾ ਸੀ।
ਇਸ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕੰ. ਪਬਲਿਕ ਸਕੂਲ ਪੰਡੋਰੀ ਖਜੂਰ, ਮਾਡਲ ਟਾਊਨ ਹੁਸ਼ਿਆਰਪੁਰ ਅਤੇ ਅਧਿਕਤਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਟਿਆਲਾ, ਰੋਪੜ ਆਦਿ ਜ਼ਿਲਿਆਂ ਦੇ ਸਕੂਲ ਸ਼ਾਮਲ ਹਨ।
                    
                