
ਕੜਾਕੇ ਦੀ ਠੰਢ ਵਿਚ ਲਗਾਤਾਰ ਚੌਥੇ ਦਿਨ ਵੀ ਡਟੀਆਂ ਹੋਈਆਂ ਨੇ ਸਿੱਖ ਜਥੇਬੰਦੀਆਂ
ਚੰਡੀਗੜ੍ਹ : ਬੇਅਦਬੀ ਮਾਮਲਿਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਧਰਨੇ 'ਤੇ ਬੈਠੀਆਂ ਹੋਈਆਂ ਹਨ। ਜਥੇਬੰਦੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਲਟਕ ਰਹੇ ਸਿੱਖ ਮਸਲਿਆਂ ਵਿਚ ਛੇਤੀ ਨਿਆਂ ਦਿੱਤਾ ਜਾਵੇ। ਜਿਸ ਦੇ ਚਲਦੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਮਟੌਰ ਬੈਰੀਅਰ ਨੇੜੇ ਸਿੱਖ ਜਥੇਬੰਦੀਆਂ ਦਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਅਜਿਹੇ 'ਚ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਪੁਲਿਸ ਨੇ ਦੱਸਿਆ ਕਿ ਸੈਕਟਰ 51/52 ਲਾਈਟ ਪੁਆਇੰਟ (ਹਿਮਾਲਿਆ ਮਾਰਗ) ਤੋਂ ਮੋਟਰ ਬੈਰੀਅਰ ਅਤੇ ਅੱਗੇ ਵਾਈਪੀਐਸ ਚੌਕ, ਮੁਹਾਲੀ ਅਤੇ ਵਾਈਪੀਐਸ ਚੌਕ ਤੋਂ ਸੈਕਟਰ 51/52 ਟ੍ਰੈਫਿਕ ਲਾਈਟ ਪੁਆਇੰਟ ਤੱਕ ਬੰਦ ਰਹੇਗਾ।ਦੂਜੇ ਪਾਸੇ ਟ੍ਰੈਫ਼ਿਕ ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਸਬੰਧਤ ਸੜਕ ਨੂੰ ਆਵਾਜਾਈ ਲਈ ਸਾਫ਼ ਕੀਤਾ ਜਾਵੇਗਾ, ਇਸਦੀ ਸੂਚਨਾ ਦੇ ਦਿੱਤੀ ਜਾਵੇਗੀ। ਅੱਗੇ ਕਿਹਾ ਗਿਆ ਹੈ ਕਿ ਚੰਡੀਗੜ੍ਹ ਤੋਂ ਮੋਹਾਲੀ ਜਾਣ ਲਈ ਕੁਝ ਬਦਲਵੇਂ ਰਸਤੇ ਚੁਣੇ ਜਾ ਸਕਦੇ ਹਨ।
ਇਨ੍ਹਾਂ ਰੂਟਾਂ ਦੀ ਪਾਲਣਾ ਕਰੋ:
ਟ੍ਰੈਫ਼ਿਕ ਪੁਲਿਸ ਨੇ ਕਿਹਾ ਕਿ ਲੋਕ ਮੋਹਾਲੀ ਪਹੁੰਚਣ ਲਈ ਸੈਕਟਰ 44/45/50/51 ਲਾਈਟ ਪੁਆਇੰਟ (ਸਰੋਵਰ ਮਾਰਗ) ਅਤੇ ਸੈਕਟਰ 42/43/52/53 ਚੌਕ (ਜਨ ਮਾਰਗ) ਦੇ ਰਸਤੇ ਲੈ ਸਕਦੇ ਹਨ। ਲੋਕਾਂ ਨੂੰ ਸੜਕਾਂ 'ਤੇ ਜਾਮ ਤੋਂ ਬਚਣ ਲਈ ਬਦਲਵੇਂ ਰਸਤੇ ਅਪਣਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸਹਿਯੋਗ ਦੇਣ ਲਈ ਵੀ ਕਿਹਾ ਗਿਆ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਦਿੱਲੀ ਤੱਕ ਦੇ ਸੈਂਕੜੇ ਸਿੱਖ ਪ੍ਰਦਰਸ਼ਨਕਾਰੀ ਮੋਹਾਲੀ ਦੇ ਫੇਜ਼ 8 ਸਥਿਤ ਅੰਬ ਸਾਹਿਬ ਗੁਰਦੁਆਰਾ ਨੇੜੇ ਇਕੱਠੇ ਹੋ ਗਏ। ਇੱਥੇ ਟੈਂਟ ਲਗਾਏ ਗਏ ਹਨ। ਦੂਜੇ ਪਾਸੇ ਪੰਜਾਬ ਪੁਲੀਸ ਅਤੇ ਰਿਜ਼ਰਵ ਫੋਰਸ ਇੱਥੇ ਵੱਡੀ ਗਿਣਤੀ ਵਿੱਚ ਤਾਇਨਾਤ ਹੈ। ਮੁਹਾਲੀ ਵਿੱਚ ਵੀ ਟ੍ਰੈਫ਼ਿਕ ਪੁਲਿਸ ਇਸ ਧਰਨੇ ਕਾਰਨ ਟ੍ਰੈਫ਼ਿਕ ਨੂੰ ਡਾਇਵਰਟ ਕਰ ਰਹੀ ਹੈ।