
ਉੱਤਰ ਪ੍ਰਦੇਸ਼ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਪੀਐਮ ਮੋਦੀ ਨੇ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੱਤਾ, ਜਿਸ 'ਤੇ ਕਾਂਗਰਸ ਨੇ ਸਵਾਲ ਉਠਾਏ ਹਨ।
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਪੀਐਮ ਮੋਦੀ ਨੇ ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੱਤਾ, ਜਿਸ 'ਤੇ ਕਾਂਗਰਸ ਨੇ ਸਵਾਲ ਉਠਾਏ ਹਨ। ਇੰਟਰਵਿਊ ਦੌਰਾਨ ਪੀਐਮ ਮੋਦੀ ਨੇ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ ਜਦਕਿ ਕਾਂਗਰਸ ਨੇ ਵੋਟਿੰਗ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਦੇ ਇੰਟਰਵਿਊ ਨੂੰ ਉਹਨਾਂ ਦਾ ਡਰ ਅਤੇ ਘਬਰਾਹਟ ਦੱਸਿਆ ਹੈ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਟਵੀਟ ਕਰਕੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।
ਉਹਨਾਂ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਵਿਚ ‘ਮਨ ਕੀ ਬਾਤ’ ਨਹੀਂ ਬਣੀ ਤਾਂ ਇਕ ਘੰਟਾ ਟੀਵੀ ’ਤੇ। ਘਬਰਾਹਟ ਸਪੱਸ਼ਟ ਹੈ ਅਤੇ ਡੂੰਘਾ ਡਰ ਹੈ ਪਰ ਜਨਤਾ ਨੇ ਆਪਣਾ ‘ਮਨ’ ਬਣਾ ਲਿਆ ਹੈ। ਗਰੀਬ, ਕਿਸਾਨ, ਮਜ਼ਦੂਰ, ਨੌਜਵਾਨ ਅਤੇ ਆਮ ਜਨਤਾ ਜਵਾਬ ਦੇਵੇਗੀ। ਦੇਸ਼ ਵਿਚ 'ਕਾਂਗਰਸ ਪਰਿਵਾਰ' ਦੀ ਤਾਕਤ ਤੋਂ ਸਿਰਫ ਇਕ ਤਾਨਾਸ਼ਾਹ ਨੂੰ ਹੀ ਇੰਨੀ ਨਫ਼ਰਤ ਅਤੇ ਡਰ ਹੋ ਸਕਦਾ ਹੈ।
ਕਾਂਗਰਸ ਆਗੂ ਨੇ ਅੱਗੇ ਲਿਖਿਆ ਕਿ ਕਾਂਗਰਸ ਲਈ ਦੇਸ਼ ਹੀ ਪਰਿਵਾਰ ਹੈ। ਇਸੇ ਲਈ ਅਸੀਂ ਹਮੇਸ਼ਾ ਦੇਸ਼ ਦੇ ਦੁਸ਼ਮਣਾਂ ਨਾਲ ਲੜਦੇ ਰਹੇ ਹਾਂ। ਕੁਰਬਾਨੀਆਂ ਦਿੱਤੀਆਂ ਹਨ। ਹਰ ਦੇਸ਼ ਵਾਸੀ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ। ਇਹ ਕਾਂਗਰਸ ਦੀ ਵਿਚਾਰਧਾਰਾ ਹੈ ਜਿਸ ਨੇ ਦੇਸ਼ ਨੂੰ ਇਕਜੁੱਟ ਹੋ ਕੇ ਅੱਗੇ ਵਧਣ ਦੀ ਤਾਕਤ ਦਿੱਤੀ। ਕਾਂਗਰਸ ਨੇ ਸੱਚ, ਸੰਘਰਸ਼, ਸਮਰਪਣ ਅਤੇ ਕੁਰਬਾਨੀ ਦੇ ਮਾਰਗ 'ਤੇ ਚੱਲਦਿਆਂ ਦੇਸ਼ ਨੂੰ 200 ਸਾਲਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ।
ਰਣਦੀਪ ਸੁਰਜੇਵਾਲਾ ਨੇ ਲਿਖਿਆ, “ਸੰਵਿਧਾਨਕ ਸੰਸਥਾਵਾਂ ਅਤੇ ਏਜੰਸੀਆਂ ਨੂੰ ਆਪਣਾ ਸਿਆਸੀ ਹਥਿਆਰ ਬਣਾਉਣ ਵਾਲੇ ‘ਕਮੇਟੀ’ ਦੇ ਪਿੱਛੇ ਮੂੰਹ ਕਿਉਂ ਛੁਪਾ ਰਹੇ ਹਨ? ਲਖੀਮਪੁਰ ਖੇੜੀ 'ਚ ਕਿਸਾਨਾਂ ਨੂੰ ਕੁਚਲਣ ਵਾਲੇ ਦੋਸ਼ੀ ਅਜੇ ਵੀ ਕੈਬਨਿਟ 'ਚ ਕਿਉਂ ਹਨ? ਪਹਿਲਾਂ ਦੇਸ਼ ਦੇ ਅੰਨਦਾਤਾ ਨੂੰ ਦੁੱਗਣੀ ਆਮਦਨ ਅਤੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ। ਫਿਰ ਕਾਲੇ ਕਾਨੂੰਨ ਥੋਪ ਕੇ ਧੋਖਾ ਕੀਤਾ। ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕੀਤਾ। ਹੁਣ ਉਹ ਕਹਿੰਦੇ ਨੇ - "ਅਸੀਂ ਪੰਜਾਬ ਚੋਣਾਂ ਵਿਚ ਖੁੱਲ੍ਹ ਕੇ ਆਏ ਹਾਂ"। ਬੇਸ਼ਰਮੀ ਦੀਆਂ ਹੋਰ ਕਿੰਨੀਆਂ ਪਰਤਾਂ ਬਾਕੀ ਹਨ?”