
“ਪਹਿਲਾਂ ਪੰਜਾਬ ਮੋਤੀ ਮਹਿਲ, ਸਿਸਵਾਂ ਹਾਊਸ ਅਤੇ ਵੱਡੀਆਂ ਕੋਠੀਆਂ ’ਚੋਂ ਚੱਲਦਾ ਸੀ ਹੁਣ ਪੰਜਾਬ ਪਿੰਡਾਂ ’ਚੋਂ ਚੱਲੇਗਾ”
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਮਗਰੋਂ ਸੰਗਰੂਰ ਤੋਂ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪੰਜਾਬੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਅਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਹੁਣ ਮੇਰੀ ਵਾਰੀ ਹੈ। ਮੇਰੇ ਉੱਤੇ ਯਕੀਨ ਰੱਖਿਓ, ਮੇਰੀ ਨੀਅਤ ਮਾੜੀ ਨਹੀਂ, ਹੌਲੀ-ਹੌਲੀ ਅਸੀਂ ਪੰਜਾਬ ਨੂੰ ਲੀਹ ’ਤੇ ਲਿਆਵਾਂਗੇ ਅਤੇ ਇਕ ਮਹੀਨੇ ਵਿਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਮ ਆਦਮੀ ਪਾਰਟੀ ’ਤੇ ਬਹੁਤ ਚਿੱਕੜ ਸੁੱਟਿਆ ਅਤੇ ਅਰਵਿੰਦ ਕੇਜੀਵਾਰ ਅਤੇ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਨਿੱਜੀ ਟਿੱਪਣੀਆਂ ਵੀ ਕੀਤੀਆਂ ਗਈਆਂ, ਘਟੀਆ ਸ਼ਬਦਾਵਲੀ ਵਰਤੀ ਗਈ। ਅੱਜ ਇਹ ਸ਼ਬਦਾਵਲੀ ਉਹਨਾਂ ਨੂੰ ਮੁਬਾਰਕ, ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਅਸੀਂ ਉਹਨਾਂ ਨੂੰ ਮੁਆਫ ਕਰ ਦਿੰਦੇ ਹਾਂ ਪਰ ਉਹਨਾਂ ਨੂੰ ਪੌਣੇ ਤਿੰਨ ਕਰੋੜ ਪੰਜਾਬੀਆਂ ਦੀ ਇੱਜ਼ਤ ਸ਼ੁਰੂ ਕਰਨੀ ਪਵੇਗੀ। ਉਹਨਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਤੇ ਕਚਹਿਰੀਆਂ ਦੇ ਗੇੜੇ ਮਾਰਦਿਆਂ ਸਾਡੇ ਬਜ਼ੁਰਗਾਂ ਦੀਆਂ ਜੁੱਤੀਆਂ ਟੁੱਟ ਗਈਆਂ, ਦਾੜ੍ਹੀਆਂ ਚਿੱਟੀਆਂ ਹੋ ਗਈਆਂ। ਉੱਥੇ ਉਹਨਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਗਿਆ, ਹੁਣ ਕਿਸੇ ਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਹੋਵੇਗੀ, ਹੁਣ ਅਫ਼ਸਰ ਪਿੰਡਾਂ ਵਿਚ ਆਉਣਗੇ। ਉਹਨਾਂ ਨੇ ਲੋਕਾਂ ਸੇਵਾ ਕਰਨੀ ਹੈ। ਜਿਵੇਂ ਤੁਸੀਂ ਇਕੱਠੇ ਹੋ ਕੇ ਵੋਟਾਂ ਪਾਈਆਂ ਨੇ, ਇਸੇ ਤਰ੍ਹਾਂ ਅਸੀਂ ਇਕੱਠੇ ਹੋ ਕੇ ਪੰਜਾਬ ਚਲਾਵਾਂਗੇ।
ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਮੋਤੀ ਮਹਿਲ, ਸਿਸਵਾਂ ਫਾਰਮ ਹਾਊਸ ਅਤੇ ਵੱਡੀਆਂ ਵੱਡੀਆਂ ਕੋਠੀਆਂ ’ਚੋਂ ਚੱਲਦਾ ਸੀ ਪਰ ਹੁਣ ਪੰਜਾਬ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚੋਂ ਚੱਲੇਗਾ। ਪੰਜਾਬ ਤੁਹਾਡਾ ਹੈ, ਅਸੀਂ ਇਹਨਾਂ ਦੇ ਨਾਂਅ ਕੋਈ ਰਜਿਸਟਰੀ ਨਹੀਂ ਕਰਵਾਈ।
ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੇ ਦਿੱਗਜ ਆਗੂਆਂ ’ਤੇ ਤੰਜ਼ ਕੱਸਦਿਆਂ ਭਗਵੰਤ ਮਾਨ ਨੇ ਕਿਹਾ, ‘ਬਾਦਲ ਸਾਬ੍ਹ ਲੰਬੀ ਤੋਂ ਹਾਰ ਗਏ, ਸੁਖਬੀਰ ਬਾਦਲ ਜਲਾਲਾਬਾਦ ਤੋਂ ਹਾਰ ਗਏ, ਕੈਪਟਨ ਪਟਿਆਲਾ ਤੋਂ ਹਾਰ ਗਏ, ਸਿੱਧੂ-ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਹਾਰ ਗਏ ਅਤੇ ਚੰਨੀ ਸਾਬ੍ਹ ਤਾਂ ਦੋਵੇਂ ਸੀਟਾਂ ਤੋਂ ਹਾਰ ਗਏ। ਸੱਚੀਆਂ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਹਨ। ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਂ ਉਹਨਾਂ ਦਾ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ। ਅਸੀਂ ਕਿਸੇ ਨਾਲ ਬਦਲੇ ਦੀ ਰਾਜਨੀਤੀ ਨਹੀਂ ਕਰਾਂਗੇ’।
ਭਗਵੰਤ ਮਾਨ ਕਿਹਾ ਕਿ ਉਹਨਾਂ ਨੂੰ ਬੇਰੁਜ਼ਗਾਰੀ ਦੀ ਫਿਕਰ ਹੈ। ਪਹਿਲੇ ਦਿਨ ਹੀ ਮੈਂ ਹਰੇ ਰੰਗ ਦਾ ਪੈੱਨ ਬੇਰੁਜ਼ਗਾਰੀ ਦੂਰ ਕਰਨ ਲਈ ਚੁੱਕ ਲਿਆ ਹੈ। ਹੁਣ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ, ਅਸੀਂ ਆਪਣਾ ਘਰ ਹੀ ਠੀਕ ਕਰਾਂਗੇ। ਪੰਜਾਬ ਨੂੰ ਹੌਲੀ-ਹੌਲੀ ਪੱਟ਼ੜੀ ’ਤੇ ਚਾੜਾਂਗੇ। ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਨਵਾਂਸ਼ਹਿਰ ਜ਼ਿਲ੍ਹੇ ਦੇ ਖਟਕੜ ਕਲਾਂ ਵਿਖੇ ਹੋਵੇਗਾ। ਉਹਨਾਂ ਨੇ ਸਹੁੰ ਚੁੱਕ ਸਮਾਗਮ ਲਈ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਵਿਚ ਮੁੱਖ ਮੰਤਰੀ ਦੀ ਤਸਵੀਰ ਨਹੀਂ ਲਗਾਈ ਜਾਵੇਗੀ, ਇਸ ਦੀ ਥਾਂ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਮਾਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਕੂਲਾਂ, ਸਿਹਤ, ਉਦਯੋਗ, ਖੇਤੀਬਾੜੀ, ਔਰਤਾਂ ਦੀ ਸੁਰੱਖਿਆ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰੇਗੀ। ਉਹਨਾਂ ਕਿਹਾ ਕਿ ਸਾਰੇ ਪਿੰਡਾਂ ਵਿਚ ਖੇਡ ਟਰੈਕ ਅਤੇ ਸਟੇਡੀਅਮ ਬਣਾਏ ਜਾਣਗੇ। ਯੂਕਰੇਨ ਵਿਚ ਡਾਕਟਰੀ ਸਿੱਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਹੁਣ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ।