ਤਹਿਸੀਲ ਕੰਪਲੈਕਸਾਂ ਦੇ ਬੁਨਿਆਦੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ
ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਵਿਚ ਹੋਏ ਫੇਰਬਦਲ ਤੋਂ ਬਾਅਦ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਮਾਲ ਮੰਤਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਸਟਾਫ ਅਤੇ ਬੁਨਿਆਦੀ ਢਾਂਚੇ ਦਾ ਮਜਬੂਤੀਕਰਨ ਪਹਿਲ ਦੇ ਆਧਾਰ 'ਤੇ ਨੇਪਰੇ ਚੜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿੱਚ ਪਟਵਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਬਦਕਿਸਮਤੀ ਨਾਲ ਇਥੇ ਪਟਵਾਰੀਆਂ ਦੀ ਕਮੀ ਹੈ ਜਿਸ ਨਾਲ ਵਿਭਾਗ ਦਾ ਕੰਮ ਜ਼ਮੀਨੀ ਪੱਧਰ 'ਤੇ ਪ੍ਰਭਾਵਿਤ ਹੁੰਦਾ ਹੈ,
ਇਸ ਲਈ ਇਨ੍ਹਾਂ ਆਸਾਮੀਆਂ ਨੂੰ ਭਰਨ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸਦੇ ਨਾਲ ਹੀ ਤਰੱਕੀ ਅਤੇ ਸਿੱਧੀ ਭਰਤੀ ਜ਼ਰੀਏ ਹੋਰ ਆਸਾਮੀਆਂ ਵੀ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕੁਝ ਦੇਰੀਆਂ ਤੇ ਊਣਤਾਈਆਂ ਦੇਖੀਆਂ ਗਈਆਂ ਹਨ। ਇਸਦੇ ਹੱਲ ਲਈ ਐਨ.ਆਈ.ਸੀ, ਪੂਨੇ ਤੋਂ ਤਕਨੀਕੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਤਹਿਸੀਲ ਕੰਪਲੈਕਸਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਕੇ ਪੀਣ ਵਾਲੇ ਪਾਣੀ, ਬੈਠਣ ਦੀ ਵਿਵਸਥਾ, ਬਾਥਰੂਮ ਆਦਿ ਸਹੂਲਤਾਂ ਨੂੰ ਲੋਕਾਂ ਲਈ ਯਕੀਨੀ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਣੀ ਦੌਰਾਨ ਸ੍ਰੀ ਕਾਂਗੜ ਨੇ ਉਨ੍ਹਾਂ ਨੂੰ ਇੱਕਜੁਟਤਾ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਲੋਕਾਂ ਦੇ ਵਡੇਰੇ ਹਿੱਤ ਵਿੱਚ ਵਿਭਾਗ ਦੇ ਕੰਮਕਾਜ ਵਿੱਚ ਸੁਧਾਰ ਲਈ ਸੁਝਾਅ ਮੰਗੇ। ਮੰਤਰੀ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲਿਆਂ ਦੇ ਤੁਰੰਤ ਨਬੇੜੇ ਸਬੰਧੀ ਆਪਣੇ ਸਟਾਫ ਦੀ ਸਹਾਇਤਾ ਲਈ ਹਮੇਸ਼ਾ ਹਾਜ਼ਰ ਰਹਿਣਗੇ।
ਸ੍ਰੀ ਮਨਾਸ਼ਵੀ ਕੁਮਾਰ,ਆਈ.ਏ.ਐਸ, ਵਿਸ਼ੇਸ਼ ਸਕੱਤਰ, ਮਾਲ ਤੇ ਮੁੜ ਵਸੇਬਾ ਅਤੇ ਸ੍ਰੀ ਪਰਮਜੀਤ ਸਿੰਘ, ਆਈ.ਏ.ਐਸ (ਸੇਵਾਮੁਕਤ), ਓ.ਐਸ.ਡੀ, ਮਾਲ ਨੇ ਵਿਭਾਗ ਦੇ ਅਧਿਕਾਰੀਆਂ ਦੀ ਤਰਫੋਂ ਮੰਤਰੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ।