
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਟਰ ਗੱਡੀਆਂ ਦੀ ਧੁਆਈ ਅਤੇ ਸਰਵਿਸ ਦੌਰਾਨ ਹੁੰਦੀ ਸਾਫ਼ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ..............
ਪਟਿਆਲਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਟਰ ਗੱਡੀਆਂ ਦੀ ਧੁਆਈ ਅਤੇ ਸਰਵਿਸ ਦੌਰਾਨ ਹੁੰਦੀ ਸਾਫ਼ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ 1974 ਤਹਿਤ ਲੋਕ ਰਾਏ ਅਤੇ ਇਤਰਾਜ਼ ਆਦਿ ਜਾਣਨ ਲਈ 21 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ। ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਨੇ ਦਸਿਆ ਕਿ ਪੰਜਾਬ ਭਰ ਵਿਚ ਭਾਰੀ ਗਿਣਤੀ ਵਿਚ ਮੌਜੂਦ ਮੋਟਰ ਗੱਡੀਆਂ ਦੀ ਧੁਆਈ ਕਰਨ ਵਾਲੇ ਸਰਵਿਸ ਸਟੇਸ਼ਨ ਪਲੰਜਰ ਪੰਪਾਂ ਦੀ ਵਰਤੋਂ ਕਰ ਕੇ ਇਕ ਗੱਡੀ ਦੀ ਧੁਆਈ ਲਈ ਔਸਤਨ 150/200 ਲਿਟਰ ਸਾਫ਼ ਪਾਣੀ ਦੀ ਵਰਤੋਂ ਕਰਦੇ ਹਨ ਜਦਕਿ ਮਾਰਕੀਟ ਵਿਚ ਮੌਜੂਦ ਪ੍ਰੈਸ਼ਰ ਪੰਪਾਂ ਨਾਲ ਜੇ ਧੁਆਈ ਕੀਤੀ ਜਾਵੇ
ਤਾਂ ਔਸਤਨ 50 ਲਿਟਰ ਪਾਣੀ ਨਾਲ ਗੱਡੀ ਬਹੁਤ ਵਧੀਆ ਸਾਫ਼ ਕੀਤੀ ਜਾ ਸਕਦੀ ਹੈ। ਪਨੂੰ ਨੇ ਦਸਿਆ ਕਿ ਅਧਿਐਨ ਮੁਤਾਬਕ ਇਕੱਲੇ ਲੁਧਿਆਣਾ ਸ਼ਹਿਰ ਵਿਚ ਪਲੰਜਰ ਪੰਪਾਂ ਰਾਹੀਂ ਪ੍ਰਤੀ ਦਿਨ 1700 ਕਿਲੋਲਿਟਰ ਪਾਣੀ ਸਰਵਿਸ ਸਟੇਸ਼ਨਾਂ ਦੁਆਰਾ ਗੱਡੀਆਂ ਧੋਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਜੇ ਇਹੀ ਸਰਵਿਸ ਸਟੇਸ਼ਨ ਬਾਰ ਪ੍ਰੈਸ਼ਰ ਤੇ ਪ੍ਰੈਸ਼ਰ ਪੰਪਾਂ ਰਾਹੀਂ ਸਰਵਿਸ ਕਰਨ ਤਾਂ ਪਾਣੀ ਦੀ ਮਿਕਦਾਰ 360 ਕਿਲੋਲੀਟਰ ਪ੍ਰਤੀ ਦਿਨ ਤਕ ਲਿਆਂਦੀ ਜਾ ਸਕਦੀ ਹੈ। ਪਟਿਆਲਾ ਸ਼ਹਿਰ ਵਿਚ ਵੇਖਿਆ ਗਿਆ ਕਿ ਪ੍ਰਾਇਮਰੀ ਟ੍ਰੀਟਮੈਂਟ ਤੋਂ ਬਾਅਦ ਸਰਵਿਸ ਸਟੇਸ਼ਨਾਂ ਦਾ ਪਾਣੀ ਜੇ ਪਹਿਲੀ ਧੁਆਈ ਲਈ ਮੁੜ ਵਰਤ ਲਿਆ ਜਾਵੇ ਤਾਂ ਪਾਣੀ ਦੀ
ਵਰਤੋਂ 50 ਫ਼ੀ ਸਦੀ ਤਕ ਘਟਾਈ ਜਾ ਸਕਦੀ ਹੈ। ਲੋਕਾਂ ਤੋਂ ਰਾਏ ਅਤੇ ਇਤਰਾਜ਼ ਮੰਗੇ ਹਨ ਕਿ ਕਿਉਂ ਨਾ ਉਨ੍ਹਾਂ ਸਰਵਿਸ ਸਟੇਸ਼ਨਾਂ ਜਿਹੜੇ ਤਿੰਨ ਜਾਂ ਚਾਰਪਹੀਆ ਵਾਹਨ ਧੋਂਦੇ ਹਨ, ਲਈ ਵੱਧ ਪ੍ਰੈਸ਼ਰ ਅਤੇ ਪਾਣੀ ਦੀ ਘੱਟ ਵਰਤੋਂ ਵਾਲੇ ਪ੍ਰੈਸ਼ਰ ਪੰਪ ਲਾਉਣੇ ਲਾਜ਼ਮੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਗੱਡੀਆਂ ਧੋਣ ਵਾਲੇ ਸਾਰੇ ਸਰਵਿਸ ਸਟੇਸ਼ਨਾਂ 'ਤੇ ਵਾਟਰ ਮੀਟਰ ਲਾਉਣਾ ਅਤੇ ਧੋਤੀਆਂ ਗਈਆਂ ਗੱਡੀਆਂ ਦਾ ਰੀਕਾਰਡ ਰਖਣਾ ਲਾਜ਼ਮੀ ਕੀਤਾ ਜਾਵੇਗਾ
ਅਤੇ ਉਹ ਸਰਵਿਸ ਸਟੇਸ਼ਨ ਜਿਹੜੇ ਪ੍ਰਤੀ ਦਿਨ 1 ਕਿਲੋਲਿਟਰ ਤੋਂ ਵੱਧ ਪਾਣੀ ਵਰਤਦੇ ਹਨ, ਲਈ ਪ੍ਰਾਇਮਰੀ ਟ੍ਰੀਟਮੈਂਟ ਅਤੇ 2 ਕਿਲੋਲਿਟਰ ਪ੍ਰਤੀ ਦਿਨ ਤੋਂ ਵੱਧ ਵਰਤੋਂ ਵਾਲਿਆਂ ਲਈ ਪੂਰਾ ਟ੍ਰੀਟਮੈਂਟ ਪਲਾਂਟ ਲਗਾਉਣਾ ਅਤੇ ਇਸ ਦੇ ਪਾਣੀ ਨੂੰ ਪਹਿਲੀ ਧੁਆਈ ਲਈ ਵਰਤਣ ਦਾ ਇੰਤਜ਼ਾਮ ਕਰਨਾ ਜ਼ਰੂਰੀ ਹੋਵੇਗਾ।