
ਆਦਮੀ ਪਾਰਟੀ (ਆਪ) ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨਾਂ, ਵਿੰਗਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਚੰਡੀਗੜ੍ਹ 'ਚ ਬੈਠਕ ਹੋਈ...........
ਚੰਡੀਗੜ੍ਹ : ਆਦਮੀ ਪਾਰਟੀ (ਆਪ) ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਪ੍ਰਧਾਨਾਂ, ਵਿੰਗਾਂ ਦੇ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀ ਅੱਜ ਚੰਡੀਗੜ੍ਹ 'ਚ ਬੈਠਕ ਹੋਈ, ਜਿਸ 'ਚ ਪਾਰਟੀ ਦੇ ਸੂਬਾ ਪ੍ਰਧਾਨ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ, ਯੂਥ ਵਿੰਗ ਦੇ ਆਬਜ਼ਰਵਰ ਅਤੇ ਵਿਧਾਇਕ ਮੀਤ ਹੇਅਰ ਸਮੇਤ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਬੈਠਕ 'ਚ 13 ਅਗਸਤ ਨੂੰ ਦਿੱਲੀ ਦੇ ਉਪ-ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਦੇ ਰੁਝੇਵਿਆਂ ਦੇ ਮੱਦੇਨਜ਼ਰ 13 ਅਗਸਤ ਨੂੰ ਜਲੰਧਰ 'ਚ ਹੋਣ ਵਾਲੀ ਬੈਠਕ ਅੱਗੇ ਪਾ ਦਿੱਤੀ ਗਈ।
ਜਦਕਿ 15 ਅਗਸਤ ਨੂੰ ਗੋਆ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਮੌਕੇ ਪਾਰਟੀ ਲੀਡਰਸ਼ਿਪ ਸ਼ਹੀਦ ਦੇ ਬੁੱਤ 'ਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਉਨ੍ਹਾਂ ਖਹਿਰਾ-ਸੰਧੂ ਦੀ ਖ਼ੁਦਮੁਖ਼ਤਿਆਰੀ ਦੀ ਮੰਗ ਅਤੇ ਸਮੇਤ ਸਾਰੇ ਭਖਵੇਂ ਮੁੱਦਿਆਂ ਉੱਤੇ ਵਿਸਥਾਰ ਨਾਲ ਤੱਥ ਤੇ ਦਲੀਲਾਂ ਪੇਸ਼ ਕੀਤੀਆਂ ਅਤੇ ਕਿਹਾ ਕਿ ਉਹ ਪਿੰਡਾਂ 'ਚ ਜਾ ਕੇ ਬਾਕੀ ਵਲੰਟੀਅਰਾਂ ਅਤੇ ਸਾਰੇ ਪੰਜਾਬੀਆਂ ਦੇ ਤੱਥਾਂ ਅਤੇ ਦਲੀਲਾਂ ਸਹਿਤ ਹੀ ਭਰਮ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰਨ। ਪਾਰਟੀ ਅਹੁਦੇਦਾਰਾਂ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ।
ਕਿ ਉਹ ਮੌਜੂਦਾ ਸੰਕਟ ਨੂੰ ਨਜਿੱਠਣ ਲਈ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਫਿਰ ਤੋਂ ਸੰਭਾਲਣ ਤਾਂ ਮਾਨ ਨੇ ਸਪਸ਼ਟ ਕੀਤਾ ਕਿ ਉਹ ਫਿਰ ਤੋਂ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਪਰੰਤੂ ਬਤੌਰ ਵਲੰਟੀਅਰ ਉਹ ਪੂਰੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਪਾਰਟੀ ਨੂੰ ਮੌਜੂਦਾ ਸੰਕਟ 'ਚ ਕੱਢਣਗੇ। ਭਗਵੰਤ ਮਾਨ ਨੇ ਦੱਸਿਆ ਕਿ ਕਈ ਵਿਧਾਇਕਾਂ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਦੇ ਹਰ ਭਰਮ-ਭੁਲੇਖੇ ਅਤੇ ਸ਼ਿਕਵੇ-ਸ਼ਿਕਾਇਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ, ਉੱਥੇ ਉਹ ਕੱਲ੍ਹ ਤੋਂ ਹੀ ਲੋਕਾਂ 'ਚ ਉਤਰ ਰਹੇ ਹਨ। ਅਗਲੇ ਦਿਨਾਂ 'ਚ ਬਠਿੰਡਾ, ਫ਼ਰੀਦਕੋਟ, ਮਾਨਸਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ 'ਚ ਜਨਤਕ ਬੈਠਕਾਂ ਕਰਨਗੇ।
ਵਲੰਟੀਅਰਾਂ ਸਮੇਤ ਸਾਰੇ ਉਨ੍ਹਾਂ ਸਥਾਨਕ ਆਗੂਆਂ ਦੇ ਮਨ ਦੀ ਗੱਲ ਸੁਣਕੇ ਉਨ੍ਹਾਂ ਦੇ ਸਾਰੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨਗੇ। ਬੈਠਕ ਦੌਰਾਨ 95 ਫ਼ੀਸਦੀ ਅਹੁਦੇਦਾਰਾਂ ਨੇ ਪਾਰਟੀ ਨੂੰ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਪਰੰਤੂ ਭਗਵੰਤ ਮਾਨ ਨੇ ਕਿਹਾ ਕਿ ਉਹ ਬੇਗਾਨੀਆਂ ਤਾਕਤਾਂ ਵੱਲੋਂ ਗੁਮਰਾਹ ਹੋ ਚੁੱਕੇ ਅਪਣੇ ਹੀ ਆਗੂਆਂ ਨੂੰ ਪਹਿਲਾਂ ਮਨਾਉਣ-ਸਮਝਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ਭਗਵੰਤ ਮਾਨ ਨੇ ਆਡੀਓ ਟੇਪ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਚੋਣਾਂ ਮੌਕੇ ਟਿਕਟਾਂ ਦੀ ਵੰਡ ਨੂੰ ਲੈ ਕੇ ਗ਼ੁੱਸੇ 'ਚ ਆਏ ਵਲੰਟੀਅਰਾਂ ਅਤੇ ਦਾਅਵੇਦਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਉਹ ਬਾਘਾਪੁਰਾਣਾ 'ਚ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰੋਗਰਾਮ ਨੂੰ ਖ਼ਰਾਬ ਨਾ ਕਰਨ। ਇਸ ਮੌਕੇ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਮੀਤ ਹੇਅਰ, ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਰਵਜੋਤ ਸਿੰਘ, ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ, ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰਾਂ ਨੇ ਸੰਬੋਧਨ ਕੀਤਾ।