
ਪਿਛਲੇ ਦਿਨੀਂ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਗਏ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸੱਤ ਵਿਧਾਇਕਾਂ ਨੇ ਪਾਰਟੀ.............
ਬਠਿੰਡਾ : ਪਿਛਲੇ ਦਿਨੀਂ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਹੇ ਗਏ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਸੱਤ ਵਿਧਾਇਕਾਂ ਨੇ ਪਾਰਟੀ ਦੀ ਦਿੱਲੀ ਹਾਈ ਕਮਾਂਡ ਵਿਰੁਧ ਬਗ਼ਾਵਤ ਦਾ ਬਿਗਲ ਵਜਾ ਦਿਤਾ ਹੈ। ਥਰਮਲ ਕਾਲੋਨੀ ਦੇ ਮੈਦਾਨ 'ਚ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਕਨਵੈਨਸ਼ਨ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਵਿਚ 'ਆਪ' ਦੇ ਵਲੰਟੀਅਰ ਸ਼ਾਮਲ ਹੋਏ। ਖਹਿਰਾ ਨੇ ਆਉਣ ਵਾਲੇ ਸਮੇਂ 'ਚ ਨਵੀਂ ਪਾਰਟੀ ਦੇ ਗਠਨ ਦਾ ਸੰਕੇਤ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਹਮਖ਼ਿਆਲੀ ਧਿਰਾਂ ਨਾਲ ਮਿਲ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੀਜਾ ਬਦਲ ਦੇਣ ਦਾ ਭਰੋਸਾ ਦਿਵਾਇਆ।
ਸਟੇਜ ਤੋਂ ਨਵਾਂ ਨਾਅਰਾ 'ਪੰਜਾਬੀ ਏਕਤਾ ਜ਼ਿੰਦਾਬਾਦ' ਦਿੰਦਿਆਂ ਖਹਿਰਾ ਨੇ ਲੋਕ ਮਸਲਿਆਂ ਨੂੰ ਚੁਕਦਿਆਂ ਜਿਥੇ ਆਪ ਦੀ ਲੀਡਰਸ਼ਿਪ ਨੂੰ ਕਰੜੇ ਹੱਥੀਂ ਲਿਆ, ਉਥੇ ਰਵਾਇਤੀ ਸਿਆਸੀ ਵਿਰੋਧੀ ਧਿਰਾਂ ਅਕਾਲੀ-ਭਾਜਪਾ ਤੇ ਕਾਂਗਰਸ ਉਤੇ ਵੀ ਤਾਬੜਤੋੜ ਹਮਲੇ ਕੀਤੇ। ਉਨ੍ਹਾਂ ਕੈਪਟਨ ਤੇ ਬਾਦਲ ਪ੍ਰਵਾਰ ਦੁਆਰਾ ਮਿਲ ਕੇ ਸਰਕਾਰ ਚਲਾਉਣ ਦੇ ਵੀ ਦੋਸ਼ ਲਾਏ। ਕਰੀਬ 12 ਵਜੇ ਖਚਾਖਚ ਭਰੇ ਪੰਡਾਲ 'ਚ ਅੱਧੀ ਦਰਜਨ ਸਾਥੀ ਵਿਧਾਇਕਾਂ ਨਾਲ ਪੁੱਜੇ ਖਹਿਰਾ ਨੇ ਸਟੇਜ 'ਤੇ ਚੜ੍ਹਨ ਤੋਂ ਪਹਿਲਾਂ ਮੱਥਾ ਟੇਕਿਆ। ਉਨ੍ਹਾਂ ਦਿੱਲੀ ਹਾਈ ਕਮਾਂਡ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਦਾਅਵਾ ਕੀਤਾ ਕਿ ਉਹ ਹੁਣ ਪਿੱਛੇ ਨਹੀਂ ਮੁੜਨਗੇ, ਬੇਸ਼ੱਕ ਕਿੰਨਾ ਹੀ ਘਾਟਾ ਸਹਿਣਾ ਪਏੇ।
ਬਰਗਾੜੀ ਕਾਂਡ ਦਾ ਜ਼ਿਕਰ ਕਰਦਿਆਂ ਖਹਿਰਾ ਨੇ ਸੂਬੇ 'ਚ ਤੀਜੇ ਫ਼ਰੰਟ ਦੀ ਸਰਕਾਰ ਬਣਨ ਦੀ ਹਾਲਤ 'ਚ ਅਸਿੱਧੇ ਢੰਗ ਨਾਲ ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸੈਣੀ ਉਪਰ ਵੀ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ। ਅਸਿੱਧੇ ਢੰਗ ਨਾਲ ਉਨ੍ਹਾਂ ਜ਼ਿਲ੍ਹੇ ਦੀ ਮਹਿਲਾ ਵਿਧਾਇਕ ਸਮੇਤ ਪਾਰਟੀ ਦੇ ਅੱਧੀ ਦਰਜਨ ਹੋਰ ਵਿਧਾਇਕਾਂ ਉਪਰ ਵੀ ਪਿੱਠ 'ਚ ਛੁਰਾ ਮਾਰਨ ਦੇ ਦੋਸ਼ ਲਾਏ। ਇਕੱਠ ਤੋਂ ਉਤਸ਼ਾਹਤ ਮਾਝਾ ਤੇ ਦੁਆਬਾ 'ਚ ਵੀ ਵਲੰਟੀਅਰਾਂ ਦੇ ਵੱਡੇ ਇਕੱਠ ਕਰਨ ਦਾ ਫ਼ੈਸਲਾ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੰਵਰ ਸੰਧੂ ਨੇ ਇਕੱਤਰਤਾ ਸੱਦਣ ਦੀ ਮਜਬੂਰੀ ਦਸਦਿਆਂ ਹਾਈ ਕਮਾਂਡ ਵਿਰੁਧ ਗੱਲ ਨਾ ਸੁਣਨ ਦੇ ਦੋਸ਼ ਲਾਏ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਡੇਢ ਸਾਲ ਤੋਂ ਪਾਰਟੀ ਹਾਈ ਕਮਾਂਡ ਦੁਆਰਾ ਕੀਤੇ ਗਏ ਗ਼ਲਤ ਫ਼ੈਸਲਿਆਂ ਕਾਰਨ ਪੰਜਾਬ ਦੇ ਵਲੰਟੀਅਰਾਂ ਦਾ ਉਨ੍ਹਾਂ ਤੋਂ ਵਿਸ਼ਵਾਸ ਉਠ ਗਿਆ। ਉਨ੍ਹਾਂ ਸਮੇਤ ਰਾਏਕੋਟ ਤੋਂ ਵਿਧਾਇਕ ਜਗਦੇਵ ਸਿੰਘ ਈਸੋਵਾਲ ਨੇ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਵੇਚਣ ਦੇ ਵੀ ਦੋਸ਼ ਲਾਏ। ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਨੇ ਖਹਿਰਾ ਦੀ ਥਾਂ 'ਤੇ ਹਰਪਾਲ ਸਿੰਘ ਚੀਮਾ ਨੂੰ ਦਲਿਤ ਕਰ ਕੇ ਲੀਡਰ ਬਣਾਉਣ ਦੇ ਮੁੱਦੇ 'ਤੇ ਹਾਈ ਕਮਾਂਡ ਨੂੰ ਘੇਰਦਿਆਂ ਸਵਾਲ ਕੀਤਾ ਕਿ ਦਿੱਲੀ ਤੋਂ ਚੁਣੇ ਤਿੰਨ ਰਾਜ ਸਭਾ ਮੈਂਬਰਾਂ ਵਿਚੋਂ ਕਿਸੇ ਦਲਿਤ ਨੂੰ ਕਿਉਂ ਨਹੀਂ ਲਿਆ ਗਿਆ? ਪੰਜਾਬ ਤੋਂ ਕਿਸੇ ਦਲਿਤ ਨੂੰ ਪ੍ਰਧਾਨ ਕਿਉਂ ਨਹੀਂ ਬਣਾਇਆ ਗਿਆ?
ਮੌੜ ਤੋਂ ਵਿਧਾਇਕ ਤੇ ਕਨਵੈਨਸ਼ਨ ਦੇ ਪ੍ਰਬੰਧਕ ਜਗਦੇਵ ਸਿੰਘ ਕਮਾਲੂ ਨੇ ਹਾਈ ਕਮਾਂਡ ਉਪਰ ਖਹਿਰਾ ਨਾਲੋਂ ਤੋੜਨ ਲਈ ਲਾਲਚ ਦੇਣ ਦੇ ਦੋਸ਼ ਲਗਾਉਂਦਿਆਂ ਐਲਾਨ ਕੀਤਾ ਕਿ ਉਹ ਗ਼ਲਤ ਫੈਸਲਿਆਂ ਵਿਰੁਧ ਹਮੇਸ਼ਾ ਆਵਾਜ਼ ਉਠਾਉਂਦੇ ਰਹਿਣਗੇ। ਵਿਧਾਇਕ ਪਿਰਮਿਲ ਸਿੰਘ ਤੇ ਮਾਸਟਰ ਬਲਦੇਵ ਸਿੰਘ ਨੇ ਵੀ ਪੰਜਾਬ ਯੂਨਿਟ ਲਈ ਖ਼ੁਦਮੁਖਤਿਆਰੀ ਦੀ ਮੰਗ 'ਤੇ ਸਹਿਮਤੀ ਪ੍ਰਗਟਾਉਂਦਿਆਂ ਹਾਈ ਕਮਾਂਡ ਦੇ ਗਲਤ ਫੈਸਲਿਆਂ ਦੀ ਨਿੰਦਾ ਕੀਤੀ।
ਇਸ ਮੌਕੇ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਰਹੇ ਜੱਸੀ ਜਸਰਾਜ, ਫੂਲ ਤੋਂ ਉਮੀਦਵਾਰ ਮਨਜੀਤ ਸਿੰਘ ਬਿੱਟੀ, ਬਠਿੰਡਾ ਸ਼ਹਿਰੀ ਦੀਪਕ ਬਾਂਸਲ, ਗਿੱਦੜਬਾਹਾ ਤੋਂ ਜਗਦੀਪ ਸੰਧੂ, ਗੁਰਪ੍ਰਤਾਪ ਸਿੰਘ ਖ਼ੁਸਹਾਲਪੁਰ, ਕਿਸਾਨ ਵਿੰਗ ਦੇ ਦਲਜੀਤ ਸਿੰਘ ਸਦਰਪੁਰਾ, ਅਮਰਜੀਤ ਸਿੰਘ ਚਾਹਲ, ਗੁਰਦੇਵ ਸਿੰਘ ਗੋਰਾਇਆ ਸਮੇਤ ਹੋਰ ਅਹੁਦੇਦਾਰ ਵੀ ਪੁੱਜੇ ਹੋਏ ਸਨ।