
ਬਾਬਾ ਸ਼ੇਖ ਫ਼ਰੀਦ ਜੀ ਦੀਆਂ ਧਾਰਮਿਕ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਗੁਰਦੁਆਰਾ ਗੋਦੜੀ
ਕੋਟਕਪੂਰਾ, 10 ਸਤੰਬਰ - (ਗੁਰਿੰਦਰ ਸਿੰਘ ਮਹਿੰਦੀਰੱਤਾ) :- ਬਾਬਾ ਸ਼ੇਖ ਫ਼ਰੀਦ ਜੀ ਦੀਆਂ ਧਾਰਮਿਕ ਸੰਸਥਾਵਾਂ ਦੀ ਸਾਂਭ ਸੰਭਾਲ ਕਰ ਰਹੀ ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਨੇ ਬਾਬਾ ਫ਼ਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਦੇ ਨਾਵਾਂ ਦਾ ਅੱਜ ਇੱਥੇ ਐਲਾਨ ਕਰ ਦਿੱਤਾ। ਸੁਸਾਇਟੀ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਬਾਬਾ ਫਰੀਦ ਐਵਾਰਡ ਫਾਰ ਆਨੇਸਟੀ ਇਸ ਵਾਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਪੰਜਾਬ ਰਾਜ ਪਾਵਰਕਾਰਪੋਰੇਸ਼ਨ ਦੇ ਇੰਜ. ਜਸਬੀਰ ਸਿੰਘ ਭੁੱਲਰ ਨੂੰ ਦਿੱਤਾ ਜਾਵੇਗਾ
ਜਦੋਂਕਿ ਮਨੁੱਖਤਾ ਦੀ ਸੇਵਾ ਲਈ ਭਗਨ ਪੂਰਨ ਸਿੰਘ ਐਵਾਰਡ ਗੁਰਪ੍ਰੀਤ ਸਿੰਘ ਵਾਸੀ ਹੰਭੜਾਂ ਜਿਲਾ ਲੁਧਿਆਣਾ ਅਤੇ ਹਰਜੀਤ ਸਿੰਘ ਸੱਭਰਵਾਲ ਵਾਸੀ ਚੰਡੀਗੜ• ਨੂੰ ਦਿੱਤਾ ਜਾਵੇਗਾ। ਐਡਵੋਕੇਟ ਖਾਲਸਾ ਨੇ ਦੱਸਿਆ ਕਿ 23 ਸਤੰਬਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਚਾਰਾਂ ਸਖਸ਼ੀਅਤਾਂ ਨੂੰ ਇੱਕ-ਇੱਕ ਲੱਖ ਰੁਪਏ ਨਗਦ, ਪ੍ਰਸੰਸਾ ਪੱਤਰ, ਸਿਰਪਾਓ, ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪਿਛਲੇ 18 ਸਾਲ ਤੋਂ ਸੰਸਥਾ ਵੱਲੋਂ ਸਮਾਜ ਸੇਵੀ ਅਤੇ ਇਮਾਨਦਾਰ ਸਖਸ਼ੀਅਤਾਂ ਨੂੰ ਇਹ ਐਵਾਰਡ ਦਿੱਤੇ ਜਾ ਰਹੇ ਹਨ।
ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਐਵਾਰਡ ਭਾਈ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ), ਪਿੰਗਲਵਾੜਾ ਦੇ ਮੁਖੀ ਡਾ. ਇੰਦਰਜੀਤ ਕੌਰ, ਆਈ.ਏ.ਐਸ ਅਧਿਕਾਰੀ ਕ੍ਰਿਸ਼ਨ ਕੁਮਾਰ, ਤਰਕਸ਼ੀਲ ਆਗੂ ਨਿਰਮਲ ਪਟਵਾਰੀ, ਮੌਜ਼ੂਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਡਾ. ਹਰਬਾਗ ਸਿੰਘ, ਬਲਵੀਰ ਸਿੰਘ ਸੀਚੇਵਾਲ, ਜਸਵੰਤ ਸਿੰਘ ਗਿੱਲ ਅਤੇ ਕੁੰਵਰਵਿਜੇ ਪ੍ਰਤਾਪ ਸਿੰਘ ਪ੍ਰਮੁੱਖ ਤੌਰ 'ਤੇ ਸ਼ਾਮਿਲ ਹਨ।
ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇੰਜ. ਜਸਬੀਰ ਸਿੰਘ ਅਤੇ ਆਈ.ਏ.ਐੱਸ. ਅਧਿਕਾਰੀ ਮੁਹੰਮਦ ਤਇਅਬ ਨੇ ਆਪਣੀਆਂ ਸਰਕਾਰੀ ਸੇਵਾਵਾਂ ਦੌਰਾਨ ਇਮਾਨਦਾਰੀ ਦਿਖਾਈ ਹੈ ਜਦੋਂਕਿ ਗੁਰਪ੍ਰੀਤ ਸਿੰਘ ਆਪਣੀ ਹੰਭੜਾਂ ਵਿਖੇ ਸਥਿੱਤ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਚੇਅਰਮੈਨ ਹਨ, ਜਿੰਨਾਂ ਨੇ ਲੋਕ ਭਲਾਈ ਦੇ ਪ੍ਰਸੰਸਾਯੋਗ ਕੰਮ ਕੀਤੇ ਹਨ। ਮਹੀਪਇੰਦਰ ਸੇਖੋਂ ਨੇ ਕਿਹਾ ਕਿ ਹਰਜੀਤ ਸਿੰਘ ਸੱਭਰਵਾਲ ਚੰਡੀਗੜ ਦੇ ਸੈਕਟਰ-18 ਬੀ ਵਿੱਚ ਮਰੀਜਾਂ ਦੇ ਮੁਫ਼ਤ ਇਲਾਜ ਲਈ ਅੱਖਾਂ ਦੇ ਹਸਪਤਾਲ ਚਲਾ ਰਹੇ ਹਨ। ਜਿਸ ਦਾ ਲੋੜਵੰਦਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ।