
ਫ਼ੀਸ ਮਾਮਲੇ 'ਚ ਨਿਜੀ ਸਕੂਲਾਂ ਨੂੰ ਝਟਕਾ, ਹਾਈ ਕੋਰਟ ਨੇ ਖ਼ਾਰਜ ਕੀਤੀ ਅਰਜ਼ੀ
ਚੰਡੀਗੜ੍ਹ, 9 ਅਕਤੂਬਰ (ਸੁਰਜੀਤ ਸਿੰੱਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪੰਜਾਬ ਦੇ ਨਿੱਜੀ ਸਕੂਲਾਂ ਨੂੰ ਝਟਕਾ ਲਗਿਆ ਹੈ। ਨਿੱਜੀ ਸਕੂਲਾਂ ਨੇ ਬੀਤੇ ਹਫ਼ਤੇ ਡਵੀਜ਼ਨ ਬੈਂਚ ਵਲੋਂ ਦਿਤੇ ਗਏ ਉਸ ਫ਼ੈਸਲੇ ਨੂੰ ਚੁਣੌਤੀ ਦਿਤੀ ਸੀ ਜਿਸ ਵਿਚ ਨਿੱਜੀ ਸਕੂਲਾਂ ਨੂੰ ਅਪਣੇ ਸਟਾਫ਼ ਨੂੰ ਪੂਰੀ ਤਨਖ਼ਾਹ ਦੇਣ ਤੇ ਸਿਰਫ਼ ਆਨਲਾਈਨ ਕਲਾਸਾਂ ਦੀ ਸਹੂਲਤ ਦੇਣ ਵਾਲੇ ਸਕੂਲਾਂ ਨੂੰ ਹੀ ਬੱਚਿਆਂ ਤੋਂ ਫ਼ੀਸ ਲੈਣ ਦਾ ਹੁਕਮ ਦਿਤਾ ਸੀ। ਇਸ ਹੁਕਮ ਵਿਰੁਧ ਅੱਜ ਸ਼ੁਕਰਵਾਰ ਨੂੰ ਪੰਜਾਬ ਦੇ ਨਿੱਜੀ ਸਕੂਲਾਂ ਨੇ ਹਾਈ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਹੁਕਮ ਵਾਪਸ ਲੈਣ ਦੀ ਫ਼ਰਿਆਦ ਕੀਤੀ ਸੀ। ਹਾਈ ਕੋਰਟ ਨੇ ਮੰਗ ਨਾਮਨਜ਼ੂਰੀ ਕਰਦਿਆਂ ਉਨ੍ਹਾਂ ਦੀ ਅਰਜ਼ੀ ਖਾਰਜ ਕਰ ਦਿਤੀ ਹੈ।
ਯਾਦ ਰਹੇ ਕਿ ਬੀਤੇ ਹਫ਼ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨੇ ਨਿੱਜੀ ਸਕੂਲਾਂ ਦੀ ਬੱਚਿਆਂ ਤੋਂ ਮਾਸਿਕ ਫ਼ੀਸ, ਸਾਲਾਨਾ ਚਾਰਜਿਜ਼ ਤੇ ਟਰਾਂਸਪੋਰਟ ਫ਼ੀਸ ਵਸੂਲੀ ਦੇ ਮਾਮਲੇ 'ਚ ਵੱਡਾ ਫ਼ੈਸਲਾ ਦਿਤਾ ਸੀ। ਇਨ੍ਹਾਂ ਫ਼ੀਸਾਂ ਨੂੰ ਵਸੂਲਣ ਦੇਣ ਦੇ ਸਿੰਗਲ ਬੈਂਚ ਦੇ ਫ਼ੈਸਲੇ ਵਿਰੁਧ ਹਰਿਆਣਾ ਸਰਕਾਰ ਤੇ ਹੋਰਨਾਂ ਦੀ ਅਪੀਲ 'ਤੇ ਹਾਈ ਕੋਰਟ ਨੇ ਸਪੱਸ਼ਟ ਕਰ ਦਿਤਾ ਸੀ ਕਿ ਜਿਨ੍ਹਾਂ ਸਕੂਲਾਂ ਨੇ ਲਾਕਡਾਊਨ ਦੌਰਾਨ ਆਨਲਾਈਨ ਕਲਾਸਾਂ ਦੀ ਸਹੂਲਤ ਦਿਤੀ ਹੈ, ਸਿਰਫ਼ ਉਹੀ ਸਕੂਲ ਵਿਦਿਆਰਥੀਆਂ ਤੋਂ ਟਿਊਸ਼ਨ ਫ਼ੀਸ ਵਸੂਲ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਪਿਛਲੇ 7 ਮਹੀਨਿਆਂ ਦੀ ਬੈਲੇਂਸ ਸ਼ੀਟ ਵੀ ਚਾਰਟਿਡ ਅਕਾਊਂਟੈਂਟ ਤੋਂ ਵੈਰੀਫ਼ਾਈ ਕਰਵਾ ਕੇ ਦੋ ਹਫ਼ਤਿਆਂ ਅੰਦਰ ਸੌਂਪਣ ਦੇ ਹੁਕਮ ਦੇ ਦਿਤੇ ਸਨ।
image