
ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪਹਿਲਾ ਮਿਲਟਰੀ ਲਿਟਰੇਟਰ ਫ਼ੈਸਟੀਵਲ ਲੇਕ ਕਲੱਬ, ਚੰਡੀਗੜ੍ਹ• ਵਿਖੇ.........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਪਹਿਲਾ ਮਿਲਟਰੀ ਲਿਟਰੇਟਰ ਫ਼ੈਸਟੀਵਲ ਲੇਕ ਕਲੱਬ, ਚੰਡੀਗੜ੍ਹ• ਵਿਖੇ 6 ਦਸੰਬਰ ਤੋਂ 9 ਦਸੰਬਰ, 2018 ਤਕ ਮਨਾਇਆ ਜਾਵੇਗਾ। ਪਿਛਲੇ ਸਾਲ ਇਸੇ ਸਮੇਂ ਦੌਰਾਨ ਉਦਘਾਟਨੀ ਫ਼ੈਸਟੀਵਲ ਹੋਇਆ ਸੀ। ਉਨ੍ਹਾਂ ਦਸਿਆ ਕਿ ਇਹ ਫੈਸਟੀਵਲ ਸਾਡੇ ਉਨ੍ਹਾਂ ਸੈਨਿਕ ਬਲਾਂ ਨੂੰ ਮਹਾਨ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਰਾਸ਼ਟਰ ਲਈ ਅਪਣੀਆਂ ਕੁਰਬਾਨੀਆਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੀ ਖੜਗਭੁਜਾ ਹੈ ਜਿਸ ਦਾ ਮਾਣਮੱਤਾ ਫ਼ੌਜੀ ਵਿਰਸਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖਾਤਰ ਆਪਣੀ ਹਿੱਕ ਉਤੇ ਜੰਗਾਂ ਝੱਲੀਆਂ ਹਨ। ਸਿੱਧੂ ਨੇ ਦਸਿਆ ਕਿ ਪਿਛਲੇ ਸਾਲ ਮਨਾਏ ਉਦਘਾਟਨੀ ਮਿਲਟਰੀ ਫ਼ੈਸਟੀਵਲ ਦੀ ਸਫ਼ਲਤਾ ਤੋਂ ਪ੍ਰਭਾਵਤ ਹੋ ਕੇ ਸੂਬਾ ਸਰਕਾਰ ਨੇ ਇਸ ਸਾਲ ਪਹਿਲੇ ਮਿਲਟਰੀ ਫ਼ੈਸਟੀਵਲ ਨੂੰ ਵੱਡੇ ਪੱਧਰ 'ਤੇ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ ਅਤੇ ਇਸ ਸਬੰਧੀ ਵਿਭਿੰਨ ਗਤੀਵਿਧੀਆਂ ਦੀ ਯੋਜਨਾਬੰਦੀ ਵੀ ਕੀਤੀ ਗਈ ਹੈ। ਸ. ਸਿੱਧੂ ਨੇ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੂਬੇ ਵਿਚ ਅਜਿਹੇ ਫ਼ੈਸਟੀਵਲ ਕਰਵਾਉਣ ਵਰਗੀਆਂ ਪੇਸ਼ਕਦਮੀਆਂ ਦੀ ਸ਼ੁਰੂਆਤ ਕਰਨ ਲਈ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਏ.ਵੀ.ਐਸ.ਐਮ, ਨੇ ਇਸ ਸਾਲ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਪ੍ਰੀ ਲਿਟ ਫੈਸਟ ਗਤੀਵਿਧੀਆਂ ਵਜੋਂ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ਤੀਰ ਅੰਦਾਜ਼ੀ ਮੁਕਾਬਲਿਆਂ, ਸਾਟਗਨ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਆਰਮੀ ਪੋਲੋ ਮੈਚ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਈਵੈਂਟਾਂ ਵਿਚ ਮਿਲਟਰੀ ਥੀਮ ਫੋਟੋਗ੍ਰਾਫੀ ਮੁਕਾਬਲੇ, ਸਾਈਕਲੋਥੋਨ, ਆਫ਼ ਰੋਡਿੰਗ ਸ਼ੋਅ, ਨੇਚਰ ਟਰੈਲ ਰਨ ਫ਼ਾਰ ਵੂਮੈਨ ਐਂਡ ਚਿਲਡਰਨ ਅਤੇ ਬਰਡਵਾਚਿੰਗ ਵਰਕਸ਼ਾਪ ਵੀ ਸ਼ਾਮਲ ਕੀਤੇ ਗਏ ਹਨ।
ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਲੈਫਟੀਨੈਂਟ ਜਨਰਲ ਸੁਰਿੰਦਰ ਪਾਲ ਸਿੰਘ, ਏ.ਵੀ.ਐਸ.ਐਮ, ਵੀ.ਐਸ.ਐਮ, ਏ.ਡੀ.ਸੀ., ਜੀ.ਓ.ਸੀ-ਇੰਨ-ਸੀ., ਵੈਸਟਰਨ ਕਮਾਂਡ, ਚੰਡੀਮੰਦਰ, ਚੀਫ ਆਫ਼ ਸਟਾਫ ਵੈਸਟਰਨ ਕਮਾਂਡ ਲੈਫਟੀਨੈਂਟ ਜਨਰਲ ਪੀ.ਐਮ. ਬਾਲੀ, ਪੰਜਾਬ ਦੇ ਸੈਨਿਕ ਭਲਾਈ ਤੇ ਪ੍ਰਾਹੁਣਾਚਾਰੀ ਵਿਭਾਗ ਦੇ ਡਾਇਰੈਕਟਰ ਮੋਨੀਸ਼ ਕੁਮਾਰ ਤੇ ਯੂ.ਟੀ ਪ੍ਰਸ਼ਾਸਨ ਅਤੇ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।